ਬਠਿੰਡਾ : ਥਾਣਾ ਕੈਨਾਲ ਪੁਲਸ ਨੇ ਸ਼ੁੱਕਰਵਾਰ ਨੂੰ ਸਾਬਕਾ ਸਰਪੰਚ ਦੇ ਭਰਾ ਨੂੰ ਕਰੋੜਾਂ ਦੀ ਕੀਮਤ ਦੇ ਇਕ ਕਿੱਲੋ ਚਿੱਟੇ ਸਮੇਤ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਨਸ਼ਾ ਤਸਕਰੀ ਦਾ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਸ ਵੱਲੋਂ ਫੜ੍ਹੇ ਗਏ ਨਸ਼ਾ ਤਸਕਰ ਦੀ ਪਛਾਣ ਤਰਸੇਮ ਸਿੰਘ ਉਰਫ਼ ਸੋਮਾ ਵਜੋਂ ਹੋਈ ਹੈ।
ਸੂਤਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਨਸ਼ਾ ਤਸਕਰ ਜੋ ਕਿ ਬੀੜ ਤਾਲਾਬ ਦਾ ਰਹਿਣ ਵਾਲਾ ਹੈ, ਉਸ ‘ਤੇ ਪੁਲਸ ਵੱਲੋਂ ਕਾਫੀ ਸਮੇਂ ਤੋਂ ਨਜ਼ਰ ਰੱਖੀ ਜਾ ਰਹੀ ਸੀ, ਜਿਸ ਕਾਰਨ ਸ਼ੁੱਕਰਵਾਰ ਨੂੰ ਇਕ ਯੋਜਨਾ ਦੇ ਤਹਿਤ ਪੁਲਸ ਨੇ ਪਹਿਲਾਂ ਤਰਸੇਮ ਸਿੰਘ ਕੋਲ ਇਕ ਹੋਰ ਵਿਅਕਤੀ ਨੂੰ ਚਿੱਟਾ ਖਰੀਦਣ ਲਈ ਭੇਜਿਆ ਸੀ। ਸੂਤਰਾਂ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਉਕਤ ਵਿਅਕਤੀ ਨੇ ਜਦੋਂ ਉਕਤ ਨਸ਼ਾ ਤਸਕਰ ਕੋਲੋਂ ਚਿੱਟਾ ਖਰੀਦਿਆ ਤਾਂ ਤੁਰੰਤ ਬਾਅਦ ਪੁਲਸ ਨੇ ਉਕਤ ਨਸ਼ਾ ਤਸਕਰ ਨੂੰ ਹਿਰਾਸਤ ’ਚ ਲੈ ਕੇ ਉਸ ਦੀ ਕਾਰ ਦੀ ਚੈਕਿੰਗ ਕੀਤੀ।
ਇਸ ਚੈਕਿੰਗ ਦੌਰਾਨ ਪੁਲਸ ਨੇ ਗੱਡੀ ’ਚੋਂ ਕਰੀਬ ਇਕ ਕਿੱਲੋ ਚਿੱਟਾ ਬਰਾਮਦ ਕੀਤਾ, ਜਿਸ ਦੀ ਕੀਮਤ ਕਰੋੜਾਂ ਵਿਚ ਬਣਦੀ ਹੈ। ਉਕਤ ਮਾਮਲੇ ’ਚ ਥਾਣਾ ਕੈਨਾਲ ਦੀ ਪੁਲਸ ਨੇ ਚਿੱਟਾ ਤਸਕਰ ਤਰਸੇਮ ਸਿੰਘ ਉਰਫ਼ ਸੋਮਾ ਖ਼ਿਲਾਫ਼ ਨਸ਼ਾ ਤਸਕਰੀ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।