ਇੱਕ ਪਾਸੇ ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਨੇਤਾਵਾਂ ਵੱਲੋ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਵਿੱਢਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਤਲਵੰਡੀ ਭਾਈ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਜਿੱਥੇ ਪਿੰਡ ਵਾਲੇ ਪਾਸੇ ਬੁੱਢੇ ਖੂਹ ਦੇ ਨਜ਼ਦੀਕ ਇਕੋਂ ਪਰਿਵਾਰ ਦੇ ਚਾਰ ਜੀਆਂ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਹਾਂਲਾਕਿ ਅਜੇ ਤੱਕ ਖੁਦਕੁਸ਼ੀ ਦੀ ਕੋਸ਼ਿਸ਼ ਦੇ ਕਾਰਨਾਂ ਦਾ ਤਾਂ ਪਤਾ ਨਹੀਂ ਲੱਗ ਸਕਿਆ। ਇਸ ਬਾਰੇ ਵਧੇਰੇ ਜਾਂਚ ਕੀਤੀ ਜਾ ਰਹੀ ਹੈ। ਪਰ ਇਸ ਘਟਨਾ ਨੇ ਸਾਰੇ ਪਿੰਡ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਚਾਰਾਂ ਮੈਂਬਰਾਂ ਵੱਲੋਂ ਸਲਫਾਸ ਖਾ ਕੇ ਇਸ ਖੌਫਨਾਕ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਪਤਾ ਲੱਗਿਆ ਹੈ ਕਿ ਬੁੱਢੇ ਖੂਹ ਦੇ ਨਜ਼ਦੀਕ ਇਕ ਨੌਜਵਾਨ ਵਿਅਕਤੀ ਅਮਨ ਗੁਲਾਟੀ ਅਤੇ ਉਸ ਦੀ ਪਤਨੀ ਪਿੰਕੀ ਗੁਲਾਟੀ ਨੇ ਆਪਣੇ ਦੋਵਾਂ ਬੱਚਿਆਂ ਸਮੇਤ ਸਲਫਾਸ ਖਾ ਲਈ। ਘਟਨਾ ਦਾ ਪਤਾ ਲੱਗਦੇ ਹੀ ਜ਼ਖ਼ਮੀਆਂ ਨੂੰ ਪਹਿਲਾਂ ਤਲਵੰਡੀ ਭਾਈ ਹਸਪਤਾਲ ਦਾਖਲ ਕਰਵਾਇਆ। ਇਸ ਤੋਂ ਬਾਅਦ ਹਾਲਤ ਗੰਭੀਰ ਹੋਣ ’ਤੇ ਮੋਗਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਇਸ ਦੌਰਾਨ ਪਹਿਲਾਂ ਛੋਟੀ ਬੇਟੀ ਅਤੇ ਪਿੰਕੀ ਗੁਲਾਟੀ ਦੀ ਮੌਕੇ ’ਤੇ ਮੌਤ ਹੋ ਗਈ। ਇਸ ਤੋਂ ਇਲਾਵਾ ਅਮਨ ਗੁਲਾਟੀ ਅਤੇ ਉਸ ਦੀ ਵੱਡੀ ਬੇਟੀ ਦੀ ਹਾਲਤ ਹਸਪਤਾਲ ’ਚ ਗੰਭੀਰ ਬਣੀ ਹੋਈ ਹੈ।