ਨੋਇਡਾ : ਨੋਇਡਾ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ, ਜਦਕਿ ਉਨ੍ਹਾਂ ਦਾ ਇੱਕ ਦੋਸਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਇਹ ਸਾਰੇ ਦੋਸਤ ਦਿੱਲੀ ਤੋਂ ਨੋਇਡਾ ਘੁੰਮਣ ਲਈ ਆਏ ਸਨ ਅਤੇ ਦੇਰ ਰਾਤ ਖਾਣਾ ਖਾਣ ਤੋਂ ਬਾਅਦ ਵਾਪਸ ਦਿੱਲੀ ਪਰਤ ਰਹੇ ਸਨ ਕਿ ਉਨ੍ਹਾਂ ਦੀ ਕਾਰ ਨੂੰ ਮਾਲ ਨਾਲ ਭਰੀ ਟਰੈਕਟਰ-ਟਰਾਲੀ ਨੇ ਟੱਕਰ ਮਾਰ ਦਿੱਤੀ।
ਇਹ ਹਾਦਸਾ ਸੈਕਟਰ-24 ਥਾਣਾ ਖੇਤਰ ਦੀ 12-11 ਸਿੰਗਲ ਰੋਡ ‘ਤੇ ਸ਼ਿਵਾਨੀ ਫਰਨੀਚਰ ਸ਼ੋਅਰੂਮ ਨੇੜੇ ਵਾਪਰਿਆ ਹੈ। ਹਾਦਸਾ ਰਾਤ ਕਰੀਬ 2 ਵਜੇ ਉਸ ਸਮੇਂ ਵਾਪਰਿਆ, ਜਦੋਂ ਨੌਜਵਾਨ ਦੀ ਆਲਟੋ ਕਾਰ ਨੂੰ ਗ਼ਲਤ ਦਿਸ਼ਾ ਤੋਂ ਆ ਰਹੇ ਤੇਜ਼ ਰਫ਼ਤਾਰ ਟਰੈਕਟਰ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪਲਟੀਆਂ ਮਾਰਦੀ ਹੋਈ ਪਲਟ ਗਈ। ਇਸ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਚੌਥੇ ਨੌਜਵਾਨ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਹਾਦਸੇ ਤੋਂ ਬਾਅਦ ਦੋਸ਼ੀ ਟਰੈਕਟਰ-ਟਰਾਲੀ ਚਾਲਕ ਫ਼ਰਾਰ ਹੋ ਗਿਆ।