ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਮਰਾੜ ਕਲਾਂ ‘ਚ ਦਵਾਈ ਲੈਣ ਜਾ ਰਹੇ ਪਿਓ-ਪੁੱਤ ‘ਤੇ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਮੁੱਢਲੀ ਜਾਣਕਾਰੀ ਅਨੁਸਾਰ ਇਹ ਵਾਰਦਾਤ ਲੁੱਟ-ਖੋਹ ਦੀ ਨੀਅਤ ਨਾਲ ਵਾਪਰੀ ਹੈ। ਲਖਵੀਰ ਸਿੰਘ ਅਤੇ ਉਸਦਾ ਬੇਟਾ ਪਿਆਰਜੀਤ ਸਿੰਘ ਪਿੰਡ ਬਾਜਾ ਮਰਾੜ ਨਾਲ ਸਬੰਧਤ ਬਠਿੰਡਾ ਵਿਖੇ ਦਵਾਈ ਲੈਣ ਲਈ ਜਾ ਰਹੇ ਸਨ। ਜਿਵੇਂ ਹੀ ਉਹ ਪਿੰਡ ਮਰਾੜ ਤੋਂ ਖਾਰਾ ਲਿੰਕ ਸੜਕ ‘ਤੇ ਪਹੁੰਚੇ ਤਾਂ ਕੁਝ ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਲਖਵੀਰ ਸਿੰਘ ਦੀ ਮੌਤ ਹੋ ਗਈ ਅਤੇ ਪਿਆਰਜੀਤ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਵੱਡੀ ਗਿਣਤੀ ਵਿਚ ਪੁਲਸ ਅਧਿਕਾਰੀ ਅਤੇ ਕਰਮਚਾਰੀ ਪਹੁੰਚ ਕੇ ਜਾਂਚ ਵਿਚ ਜੁੱਟ ਗਏ ਹਨ। ਪੁਲਸ ਅਧਿਕਾਰੀਆਂ ਦਾ ਆਖਣਾ ਹੈ ਕਿ ਪੂਰੀ ਜਾਂਚ ਤੋਂ ਬਾਅਦ ਹੀ ਘਟਨਾ ਬਾਰੇ ਖੁਲਾਸਾ ਕੀਤਾ ਜਾਵੇਗਾ। ਫਿਲਹਾਲ ਪੁਲਸ ਵਲੋਂ ਵਾਰਦਾਤ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।