Sunday, February 2, 2025

Become a member

Get the best offers and updates relating to Liberty Case News.

― Advertisement ―

spot_img
spot_img
HomePunjabਵਿੱਤੀ ਸਾਲ 2024-25; ਪੰਜਾਬ ਨੇ ਜੀਐਸਟੀ ਵਿੱਚ ਕੌਮੀ ਔਸਤ 10 ਫ਼ੀਸਦ ਨੂੰ...

ਵਿੱਤੀ ਸਾਲ 2024-25; ਪੰਜਾਬ ਨੇ ਜੀਐਸਟੀ ਵਿੱਚ ਕੌਮੀ ਔਸਤ 10 ਫ਼ੀਸਦ ਨੂੰ ਪਾਰ ਕਰਕੇ 11.87 ਫ਼ੀਸਦ ਵਾਧਾ ਪ੍ਰਾਪਤ ਕੀਤਾ: ਹਰਪਾਲ ਸਿੰਘ ਚੀਮਾ

 

ਚੰਡੀਗੜ੍ਹ, 2 ਫਰਵਰੀ

ਪੰਜਾਬ ਦੇ ਵਿੱਤ, ਯੋਜਨਾਬੰਦੀ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਸੂਬੇ ਨੇ ਵਿੱਤੀ ਸਾਲ 2023-24 ਦੇ ਮੁਕਾਬਲੇ ਚਾਲੂ ਵਿੱਤੀ ਸਾਲ ਵਿੱਚ ਜਨਵਰੀ ਤੱਕ ਨੈੱਟ ਵਸਤੂਆਂ ਅਤੇ ਸੇਵਾਵਾਂ ਕਰ (ਜੀਐਸਟੀ) ਪ੍ਰਾਪਤੀ ਵਿੱਚ ਪ੍ਰਭਾਵਸ਼ਾਲੀ 11.87 ਫ਼ੀਸਦੀ ਵਾਧਾ ਪ੍ਰਾਪਤ ਕਰਦਿਆਂ 10 ਫ਼ੀਸਦੀ ਦੀ ਕੌਮੀ ਔਸਤ ਨੂੰ ਪਾਰ ਕੀਤਾ ਹੈ।  ਇਸ ਤੋਂ ਇਲਾਵਾ, ਪੰਜਾਬ ਨੇ ਚਾਲੂ ਵਿੱਤੀ ਸਾਲ ਵਿੱਚ ਆਬਕਾਰੀ ਵਿੱਚ 15.33 ਪ੍ਰਤੀਸ਼ਤ, ਅਤੇ ਨੈੱਟ ਜੀਐਸਟੀ, ਆਬਕਾਰੀ, ਵੈਟ, ਸੀਐਸਟੀ, ਅਤੇ ਪੀਐੱਸਡੀਟੀ ਤੋਂ ਪ੍ਰਾਪਤ  ਕਰ ਵਿੱਚ ਕੁੱਲ 11.67 ਫ਼ੀਸਦ ਦਾ ਨੈੱਟ ਵਾਧਾ ਦਰਜ ਕੀਤਾ ਹੈ।

ਇੱਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇਸ਼ ਦੇ 3 ਮੋਹਰੀ ਜਨਰਲ ਸ਼੍ਰੇਣੀ ਰਾਜਾਂ (ਜੀਸੀਐਸ) ਵਿੱਚੋਂ ਇੱਕ ਹੈ ਜਿਨ੍ਹਾਂ ਨੇ ਜੀਐਸਟੀ ਪ੍ਰਾਪਤੀ ਵਿੱਚ ਕੌਮੀ ਵਿਕਾਸ ਦਰ ਨੂੰ ਪਾਰ ਕੀਤਾ ਹੈ। ਚਾਲੂ ਵਿੱਤੀ ਸਾਲ ਵਿੱਚ ਜਨਵਰੀ ਤੱਕ ਨੈੱਟ ਜੀਐਸਟੀ ਪ੍ਰਾਪਤੀ 19,414.57 ਕਰੋੜ ਰੁਪਏ ਰਹੀ, ਜਦੋਂ ਕਿ ਵਿੱਤੀ ਸਾਲ 2023-24 ਵਿੱਚ ਇਸੇ ਸਮੇਂ ਦੌਰਾਨ 17,354.26 ਕਰੋੜ ਰੁਪਏ ਇਕੱਤਰ ਹੋਏ ਸਨ, ਜੋ ਕਿ 2,060.31 ਕਰੋੜ ਰੁਪਏ ਦੇ ਵਾਧੇ ਨੂੰ ਦਰਸਾਉਂਦਾ ਹੈ।  ਸੂਬੇ ਨੇ ਜਨਵਰੀ 2025 ਦੌਰਾਨ ਨੈੱਟ ਜੀਐਸਟੀ ਵਿੱਚ 9.73 ਪ੍ਰਤੀਸ਼ਤ ਵਾਧਾ ਦਰਜ ਕੀਤਾ ਹੈ, ਜਿਸ ਨਾਲ ਜਨਵਰੀ 2024 ਵਿੱਚ ਇਕੱਤਰ ਹੋਏ 1,830.52 ਕਰੋੜ ਰੁਪਏ ਦੇ ਮੁਕਾਬਲੇ 2,008.58 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ।

ਆਬਕਾਰੀ ਤੋਂ ਪ੍ਰਾਪਤ ਮਾਲੀਏ ਵਿੱਚ ਵਾਧੇ ਦੇ ਵੇਰਵੇ ਦਿੰਦੇ ਹੋਏ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸੂਬੇ ਨੂੰ ਚਾਲੂ ਵਿੱਤੀ ਸਾਲ ਵਿੱਚ ਜਨਵਰੀ ਤੱਕ 8,588.31 ਕਰੋੜ ਰੁਪਏ ਇਕੱਤਰ ਹੋਏ ਹਨ, ਜਦੋਂ ਕਿ ਵਿੱਤੀ ਸਾਲ 2023-24 ਵਿੱਚ ਇਸੇ ਸਮੇਂ ਦੌਰਾਨ 7,446.46 ਕਰੋੜ ਰੁਪਏ ਇਕੱਤਰ ਹੋਏ ਸਨ, ਜਿਸ ਦੇ ਨਤੀਜੇ ਵਜੋਂ 1,141.85 ਕਰੋੜ ਰੁਪਏ ਦਾ ਵਾਧਾ ਦਰਜ ਹੋਇਆ ਹੈ।  ਜਨਵਰੀ 2025 ਦੌਰਾਨ ਆਬਕਾਰੀ ਵਿਕਾਸ ਦਰ 15.91 ਪ੍ਰਤੀਸ਼ਤ ਰਹੀ, ਜਿਸ ਕਾਰਨ ਜਨਵਰੀ 2024 ਵਿੱਚ ਪ੍ਰਾਪਤ ਹੋਏ 770.45 ਕਰੋੜ ਰੁਪਏ ਦੇ ਮੁਕਾਬਲੇ ਜਨਵਰੀ 2025 ਵਿੱਚ 893.04 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ।

ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਚਾਲੂ ਵਿੱਤੀ ਸਾਲ ਵਿੱਚ ਜਨਵਰੀ ਤੱਕ ਨੈੱਟ ਜੀਐਸਟੀ, ਆਬਕਾਰੀ, ਵੈਟ, ਸੀਐਸਟੀ, ਅਤੇ ਪੀਐੱਸਡੀਟੀ ਤੋਂ ਪ੍ਰਾਪਤ ਕੁੱਲ ਮਾਲੀਆ 34,704.4 ਕਰੋੜ ਰੁਪਏ ਹੈ, ਜਦੋਂ ਕਿ ਵਿੱਤੀ ਸਾਲ 2023-24 ਵਿੱਚ ਇਸੇ ਸਮੇਂ ਦੌਰਾਨ 31,078.94 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ, ਇਸ ਤਰ੍ਹਾਂ ਕੁੱਲ 3,625.46 ਕਰੋੜ ਰੁਪਏ ਦਾ ਸ਼ੁੱਧ ਵਾਧਾ ਹੋਇਆ ਹੈ।  ਜਨਵਰੀ 2025 ਵਿੱਚ ਇਹਨਾਂ ਟੈਕਸਾਂ ਤੋਂ ਕੁੱਲ ਪ੍ਰਾਪਤੀ ਵਿਚ ਜਨਵਰੀ 2024 ਦੇ ਮੁਕਾਬਲੇ 12.48 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਜਨਵਰੀ 2024 ਵਿੱਚ ਪ੍ਰਾਪਤ ਹੋਏ 3,151.63 ਕਰੋੜ ਰੁਪਏ ਦੇ ਮੁਕਾਬਲੇ ਜਨਵਰੀ 2025 ਵਿੱਚ ਕੁੱਲ 3,545.09 ਕਰੋੜ ਰੁਪਏ ਦਾ ਕਰ ਮਾਲੀਆ ਪ੍ਰਾਪਤ ਹੋਇਆ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਆਪਣੇ ਕਰ ਮਾਲੀਏ ਨੂੰ ਵਧਾ ਕੇ ਰਾਜ ਨੂੰ ਸਵੈ-ਨਿਰਭਰ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਬਕਾਰੀ ਅਤੇ ਕਰ ਵਿਭਾਗ ਦੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਤਹਿਤ ਕਿਸੇ ਨੂੰ ਵੀ ਪਰੇਸ਼ਾਨ ਕੀਤੇ ਬਿਨਾਂ, ਸਿਰਫ਼ ਕਮੀਆਂ ਨੂੰ ਦੂਰ ਕਰਕੇ ਅਤੇ ਕਰ ਚੋਰੀ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸ ਕੇ ਇਹਨਾਂ ਕਰਾਂ ਤੋਂ ਮਾਲੀਆ ਵਧਾਇਆ ਗਿਆ ਹੈ।