ਜਲੰਧਰ : ਜਲੰਧਰ ਹਾਈਟਸ ਚੌਕੀ ਦੀ ਪੁਲਸ ਨੇ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਵਿਚ ਮਿੱਠਾਪੁਰ ਕਾਲੋਨੀ ਅਤੇ ਮੁਹੱਲਾ ਈਦਗਾਹ ਨੇੜੇ ਦਯਾਨੰਦ ਚੌਕ ਗੜ੍ਹਾ ਦੇ ਰਹਿਣ ਵਾਲੇ 2 ਮੁਲਜ਼ਮ ਨਾਬਾਲਗ ਹਨ। ਇਸ ਕਾਰਨ ਪੁਲਸ ਵੱਲੋਂ ਉਨ੍ਹਾਂ ਦੇ ਨਾਂ ਜਨਤਕ ਨਹੀਂ ਕੀਤੇ ਗਏ। ਮੁੱਖ ਮੁਲਜ਼ਮ ਦੀ ਪਛਾਣ ਸੌਰਭ ਉਰਫ਼ ਸੋਨੂੰ ਪੁੱਤਰ ਰਾਮ ਵਾਸੀ ਪਿੰਡ ਅਲੀਪੁਰ ਜਲੰਧਰ ਵਜੋਂ ਹੋਈ।
ਏ. ਸੀ. ਪੀ. ਜਲੰਧਰ ਕੈਂਟ ਸੁਖਨਿੰਦਰ ਸਿੰਘ ਕੈਰੋਂ ਨੇ ਦੱਸਿਆ ਕਿ ਐੱਸ. ਐੱਚ. ਓ. ਥਾਣਾ ਸਦਰ ਜਮਸ਼ੇਰ ਅਜਾਇਬ ਸਿੰਘ ਔਜਲਾ ਦੀ ਅਗਵਾਈ ਵਿਚ ਜਲੰਧਰ ਹਾਈਟਸ ਪੁਲਸ ਚੌਕੀ ਦੇ ਮੁਖੀ ਗੁਰਵਿੰਦਰ ਸਿੰਘ ਵਿਰਕ ਵੱਲੋਂ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਕਾਬੂ ਕੀਤੇ ਗਏ ਉਕਤ ਮੁਲਜ਼ਮਾਂ ਦੇ ਕਬਜ਼ੇ ਵਿਚੋਂ 2 ਮੋਟਰਸਾਈਕਲ, 5 ਮੋਬਾਈਲ, ਇਕ ਦਾਤਰ ਅਤੇ ਇਕ ਖੰਡਾ ਬਰਾਮਦ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਥਾਣਾ ਸਦਰ ਵਿਚ ਬੀ. ਐੱਨ. ਐੱਸ. ਦੀ ਧਾਰਾ 304 (2), 317 (2), 3 (5) ਤਹਿਤ 196 ਨੰਬਰ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।