ਸੰਗਰੂਰ : ਜ਼ਿਲ੍ਹਾ ਪੁਲਸ ਸੰਗਰੂਰ ਨੇ ਐੱਸ.ਐੱਸ.ਪੀ. ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ ਇਕ ਅੰਤਰ-ਜ਼ਿਲ੍ਹਾ ਗਿਰੋਹ ਨੂੰ ਬੇਨਕਾਬ ਕੀਤਾ ਹੈ, ਜੋ ਜਾਅਲੀ ਦਸਤਾਵੇਜ਼ ਤਿਆਰ ਕਰਕੇ ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ ਕਰਵਾ ਰਿਹਾ ਸੀ। ਪੁਲਸ ਨੇ ਗਿਰੋਹ ਦੇ 8 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਜਾਅਲੀ ਦਸਤਾਵੇਜ਼, ਕੰਪਿਊਟਰ, ਕਲਰ ਪ੍ਰਿੰਟਰ, ਲੈਮੀਨੇਟ ਮਸ਼ੀਨ ਅਤੇ ਮੋਬਾਇਲ ਫੋਨ ਬਰਾਮਦ ਕੀਤੇ ਹਨ। ਐੱਸ. ਪੀ. ਐੱਚ. ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ-1 ਸੰਗਰੂਰ ਦੀ ਪੁਲਸ ਨੂੰ ਇਤਲਾਹ ਮਿਲੀ ਕਿ ਰਾਜਵੀਰ ਸਿੰਘ, ਹਰਦੀਪ ਸਿੰਘ ਅਤੇ ਸੁਖਦੀਪ ਸਿੰਘ ਉਰਫ ਬਿੱਲਾ ਵਕੀਲਾਂ ਜਾਂ ਉਨ੍ਹਾਂ ਦੇ ਮੁਨਸ਼ੀਆਂ ਨਾਲ ਮਿਲ ਕੇ ਨਸ਼ਾ ਤਸਕਰਾਂ ਵਲੋਂ ਰਕਮ ਲੈ ਕੇ ਜਾਅਲੀ ਦਸਤਾਵੇਜ਼ਾਂ ਦੇ ਅਧਾਰ ‘ਤੇ ਜ਼ਮਾਨਤਾਂ ਕਰਵਾਉਂਦੇ ਹਨ। ਇਸ ਸੂਚਨਾ ਦੇ ਅਧਾਰ ‘ਤੇ 24 ਜੂਨ ਨੂੰ ਕੇਸ ਨੰਬਰ 112 ਅਧੀਨ BNS 2023 ਦੀਆਂ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ।
ਤਫਤੀਸ਼ ਦੌਰਾਨ ਰਾਜਵੀਰ ਅਤੇ ਹਰਦੀਪ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਜਾਅਲੀ ਆਧਾਰ ਕਾਰਡ ਅਤੇ ਜ਼ਮਾਨਤੀ ਡਾਕੂਮੈਂਟ ਬਰਾਮਦ ਹੋਏ। ਉਨ੍ਹਾਂ ਦੀ ਪੁੱਛਗਿੱਛ ‘ਚੋਂ ਹੋਰ ਦੋਸ਼ੀਆਂ ਬਲਜੀਤ ਸਿੰਘ ਉਰਫ ਗਿਰੀ, ਸੁਰਜੀਤ ਸਿੰਘ (ਖੰਨਾ), ਮਨਜਿੰਦਰ ਸਿੰਘ, ਗੁਰਦੀਪ ਸਿੰਘ ਉਰਫ ਨੰਬਰਦਾਰ, ਮੋਹਿਤ ਕੁਮਾਰ ਉਰਫ ਮੋਤੀ ਅਤੇ ਮਨਪ੍ਰੀਤ ਸਿੰਘ ਉਰਫ ਸਨੀ ਦੇ ਨਾਂ ਸਾਹਮਣੇ ਆਏ। 26 ਜੂਨ ਨੂੰ ਇਨ੍ਹਾਂ ਵਿਚੋਂ ਮੋਹਿਤ, ਮਨਪ੍ਰੀਤ ਅਤੇ ਬਲਜੀਤ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਸੀ.ਪੀ.ਯੂ, LCD, ਕੀ-ਬੋਰਡ, ਮਾਊਸ, ਕਲਰਡ ਪ੍ਰਿੰਟਰ ਅਤੇ ਲੈਮੀਨੇਟ ਮਸ਼ੀਨ ਵੀ ਬਰਾਮਦ ਕੀਤੀ ਗਈ।