ਫਿਰੋਜ਼ਪੁਰ : ਫਿਰੋਜ਼ਪੁਰ ‘ਚ ਕਸਬਾ ਮਮਦੋਟ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ 23 ਸਾਲਾ ਕੁੜੀ ਨੂੰ ਘਰੋਂ ਅਗਵਾ ਕਰਕੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤੇ ਜਾਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਅਜਿਹੀ ਘਿਨੌਣੀ ਹਰਕਤ ਪਿੰਡ ਦੇ ਹੀ 2 ਮੁੰਡਿਆਂ ਵਲੋਂ ਕੀਤੀ ਦੱਸੀ ਜਾ ਰਹੀ ਹੈ। ਸਮੂਹਿਕ ਜਬਰ-ਜ਼ਿਨਾਹ ਕਰਨ ਮਗਰੋਂ ਪੀੜਤ ਕੁੜੀ ਨੂੰ ਦੋਸ਼ੀ ਪਿੰਡ ਦੇ ਬਾਹਰ ਸੁੱਟ ਕੇ ਫ਼ਰਾਰ ਹੋ ਗਏ। ਫਿਲਹਾਲ ਪੀੜਤਾ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।
ਜਾਣਕਾਰੀ ਮੁਤਾਬਕ ਹਸਪਤਾਲ ‘ਚ ਦਾਖ਼ਲ ਪੀੜਤਾ ਨੇ ਦੱਸਿਆ ਕਿ ਜਦੋਂ ਉਹ ਰਾਤ ਨੂੰ ਬਾਥਰੂਮ ਜਾਣ ਲਈ ਉੱਠੀ ਤਾਂ ਪਿੰਡ ਦੇ ਹੀ 2 ਨੌਜਵਾਨ ਘਰ ਦੀਆਂ ਕੰਧਾ ਟੱਪ ਕੇ ਅੰਦਰ ਦਾਖ਼ਲ ਹੋਏ ਹੋਏ। ਉਨ੍ਹਾਂ ਨੇ ਪਿਸਤੌਲ ਦੀ ਨੋਕ ‘ਤੇ ਉਸ ਨੂੰ ਅਗਵਾ ਕੀਤਾ ਅਤੇ ਗੱਡੀ ‘ਚ ਬਿਠਾ ਸੁੰਨਸਾਨ ਥਾਂ ਇਕ ਹਵੇਲੀ ‘ਚ ਲੈ ਗਏ। ਦੋਸ਼ੀਆਂ ਨੇ ਇੱਥੇ ਪੀੜਤਾ ਨਾਲ ਵਾਰੀ-ਵਾਰੀ ਸਮੂਹਿਕ ਜਬਰ-ਜ਼ਿਨਾਹ ਕੀਤਾ। ਇਸ ਤੋਂ ਬਾਅਦ ਦੋਸ਼ੀ ਪੀੜਤਾ ਨੂੰ ਪਿੰਡ ਦੇ ਬਾਹਰ ਸੁੱਟ ਕੇ ਫ਼ਰਾਰ ਹੋ ਗਏ।
ਪੀੜਤਾ ਕਿਸੇ ਤਰ੍ਹਾਂ ਆਪਣੇ ਘਰ ਪੁੱਜੀ ਅਤੇ ਪਰਿਵਾਰ ਨੂੰ ਸਾਰੀ ਗੱਲ ਦੱਸੀ। ਪਰਿਵਾਰ ਵਲੋਂ ਪੀੜਤਾ ਨੂੰ ਸਿਵਲ ਹਸਪਤਾਲ ਬੰਦੋੜ ਵਿਖੇ ਦਾਖ਼ਲ ਕਰਾਇਆ ਗਿਆ। ਫਿਲਹਾਲ ਪੁਲਸ ਨੇ ਪੀੜਤ ਕੁੜੀ ਦੇ ਬਿਆਨਾਂ ‘ਤੇ ਦੋਵੇਂ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਫ਼ਰਾਰ ਹਨ ਅਤੇ ਪੁਲਸ ਵਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।