ਚੰਡੀਗੜ੍ਹ – ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੂੰ ਕੇਂਦਰੀ ਸੁਰੱਖਿਆ ਬਲ/ਏਜੰਸੀ ਦੇ ਡਾਇਰੈਕਟਰ ਜਨਰਲ ਦੀ ਪੋਸਟ ਲਈ ਪੈਨਲ ’ਚ ਸ਼ਾਮਲ ਕੀਤਾ ਗਿਆ ਹੈ। ਕੇਂਦਰੀ ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਕੇਂਦਰ ’ਚ ਸਿਖਰਲੇ ਅਹੁਦਿਆਂ ’ਤੇ ਰਹਿਣ ਲਈ ਪੰਜ ਆਈ.ਪੀ.ਐੱਸ. ਅਧਿਕਾਰੀਆਂ ਦੀ ਸੂਚੀ ਨੂੰ ਮਨਜ਼ੂਰੀ ਦਿੱਤੀ ਹੈ।
ਕੇਂਦਰ ਸਰਕਾਰ ’ਚ ਡਾਇਰੈਕਟਰ ਜਨਰਲ ਤੇ ਇਸ ਦੇ ਬਰਾਬਰ ਦੀਆਂ ਅਸਾਮੀਆਂ ਲਈ ਪੈਨਲ ਕੀਤੇ ਗਏ ਅਧਿਕਾਰੀਆਂ ਦੀ ਸੂਚੀ ’ਚ ਨੁਜ਼ਤ ਹਸਨ , ਗੌਰਵ ਯਾਦਵ, ਡੀ.ਜੀ. ਬਰਾਬਰ ਡੀ. ਤਿਰੁਮਾਲਾ ਰਾਓ , ਆਦਿਤਿਆ ਮਿਸ਼ਰਾ ਤੇ ਇਦਸ਼ਿਸ਼ਾ ਨੌਂਗਰਾਂਗ ਸ਼ਾਮਲ ਹਨ। ਇਸ ਤੋਂ ਪਹਿਲਾਂ ਯਾਦਵ ਪੰਜਾਬ ’ਚ ਕਈ ਆਈ. ਪੀ. ਐੱਸ. ਅਧਿਕਾਰੀਆਂ ਨੂੰ ਸੁਪਰਸੀਡ ਕਰ ਕੇ ਪੰਜਾਬ ਦੇ ਡੀ. ਜੀ. ਪੀ. ਬਣੇ ਸਨ। ਇਸ ਨਵੀਂ ਪੇਸ਼ਕਦਮੀ ਨਾਲ ਯਾਦਵ ਨੇ ਸੂਬਾ ਤੇ ਕੇਂਦਰ ਸਰਕਾਰ ’ਚ ਸਿਖਰਲੇ ਅਹੁਦਿਆਂ ਲਈ ਕਈ ਅਧਿਕਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਨਾਲ ਪੰਜਾਬ ਪੁਲਸ ਦੇ ਮੁਖੀ ਵਜੋਂ ਉਨ੍ਹਾਂ ਦੀ ਸਥਿਤੀ ਮਜ਼ਬੂਤ ਹੋਈ ਹੈ।