ਅਬੋਹਰ -ਅਬੋਹਰ-ਪਿੰਡ ਦੁਤਾਰਾਂਵਾਲੀ ਵਿਖੇ ਵਾਟਰ ਵਰਕਸ ਦੀ ਡਿੱਗੀ ’ਚ ਡੁੱਬਣ ਕਾਰਨ 8 ਸਾਲਾ ਬੱਚੇ ਦੀ ਮੌਤ ਹੋ ਗਈ। ਕਰੀਬ 4 ਘੰਟੇ ਬਾਅਦ ਬੱਚੇ ਦੀ ਲਾਸ਼ ਨੂੰ ਬਾਹਰ ਕੱਢਿਆ ਜਾ ਸਕਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੁਤਾਰਾਂਵਾਲੀ ਦਾ ਰਹਿਣ ਵਾਲਾ 8 ਸਾਲਾ ਅੰਸ਼ ਪੁੱਤਰ ਸੁਨੀਲ ਕੁਮਾਰ ਆਪਣੇ ਦੋ ਦੋਸਤਾਂ ਨਾਲ ਵਾਟਰ ਵਰਕਸ ਦੀ ਡਿੱਗੀ ਨੇੜੇ ਖੇਡ ਰਿਹਾ ਸੀ ਕਿ ਅਚਾਨਕ ਡਿੱਗੀ ਵਿਚ ਡਿੱਗ ਗਿਆ। ਉਸ ਨਾਲ ਖੇਡ ਰਹੇ ਦੋ ਬੱਚਿਆਂ ਨੇ ਇਸ ਬਾਰੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਕਾਫੀ ਮੁਸ਼ੱਕਤ ਤੋਂ ਬਾਅਦ ਕਰੀਬ 4 ਘੰਟੇ ਬਾਅਦ ਦੇਰ ਸ਼ਾਮ ਬੱਚੇ ਨੂੰ ਡਿੱਗੀ ’ਚੋਂ ਬਾਹਰ ਕੱਢਿਆ ਜਾ ਸਕਿਆ। ਬੱਚੇ ਨੂੰ ਸਥਾਨਕ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਵਾਲੇ ਬੱਚੇ ਦੀ ਲਾਸ਼ ਬਿਨਾਂ ਪੋਸਟਮਾਰਟਮ ਦੇ ਰਾਤ ਨੂੰ ਘਰ ਲੈ ਗਏ। ਪਿੰਡ ਵਾਸੀਆਂ ਨੇ ਦੱਸਿਆ ਕਿ ਡਿੱਗੀ ਦੇ ਆਲੇ-ਦੁਆਲੇ ਨਾ ਤਾਂ ਕੋਈ ਚੌਕੀਦਾਰ ਤਾਇਨਾਤ ਹੈ ਅਤੇ ਨਾ ਹੀ ਡਿੱਗੀ ਦੇ ਆਲੇ-ਦੁਆਲੇ ਕੋਈ ਜਾਅਲੀ ਹੈ।