ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ‘ਚ ਵੱਡੀ ਘਟਨਾ ਵਾਪਰੀ ਹੈ। ਇੱਥੇ 21 ਸਾਲਾ ਕੁੜੀ ਦੇ ਪੁਰਾਣੇ ਖੂਹ ‘ਚ ਡਿੱਗਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਖੂਹ ‘ਚ ਡਿੱਗੀ ਕੁੜੀ ਦੀ ਪਛਾਣ ਸਾਜ਼ੀਆ ਵਜੋਂ ਹੋਈ ਹੈ, ਜੋ ਮੋਗਾ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਸਾਜ਼ੀਆ ਪਿੰਡ ਜੋਗਾ ਵਿਖੇ ਆਪਣੀ ਮਾਸੀ ਕੋਲ ਕੁੱਝ ਦਿਨ ਪਹਿਲਾਂ ਹੀ ਰਹਿਣ ਲਈ ਆਈ ਸੀ।
ਫਿਲਹਾਲ ਰੈਸਕਿਊ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਕੁੜੀ ਨੂੰ ਖੂਹ ‘ਚੋਂ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ 21 ਸਾਲਾ ਸਾਜ਼ੀਆ ਘਰ ਕੋਲ ਬਣੇ ਪੁਰਾਣੇ ਖੂਹ ‘ਚ ਅਚਾਨਕ ਜਾ ਡਿੱਗੀ। ਨਾਲ ਵਾਲੇ ਬੱਚਿਆਂ ਨੇ ਇਸ ਦਾ ਰੌਲਾ ਪਾਇਆ ਤਾਂ ਦੇਖਿਆ ਕਿ ਕੁੜੀ ਖੂਹ ‘ਚ ਡਿੱਗੀ ਹੋਈ ਹੈ।
ਇਸ ਮੌਕੇ ‘ਤੇ ਸੁਖਮਨਿੰਦਰ ਸਿੰਘ ਪੁਲੀ ਨਾਇਬ ਤਹਿਸੀਲਦਾਰ ਜੋਗਾ ਅਤੇ ਥਾਣਾ ਜੋਗਾ ਮੁਖੀ ਜਸਪ੍ਰੀਤ ਸਿੰਘ, ਰੈਸਕਿਊ ਟੀਮਾਂ ਸਮੇਤ ਪੁੱਜੇ। ਪੁਰਾਣਾ ਖੂਹ ਹੋਣ ਕਾਰਨ ਕੁੜੀ ਉਸ ਦੀ ਗਾਰ ‘ਚ ਧੱਸ ਗਈ ਹੈ। ਉਸ ਦੇ ਬਚਾਅ ਲਈ ਟੀਮਾਂ ਲਗਾਤਾਰ ਲੱਗੀਆਂ ਹੋਈਆਂ ਹਨ ਅਤੇ ਕੁੜੀ ਦੇ ਮਾਪੇ ਪੂਰੀ ਤਰ੍ਹਾਂ ਡਰੇ ਹੋਏ ਹਨ।