ਚੰਡੀਗੜ੍ਹ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ. ਐੱਸ. ਡੀ. ਐੱਮ.) ਨੇ 20 ਉਦਯੋਗਾਂ ਤੇ ਇੰਡਸਟਰੀ ਐਸੋਸੀਏਸ਼ਨਾਂ ਨਾਲ ਸਮਝੌਤੇ ਸਹੀਬੱਧ ਕੀਤੇ ਹਨ, ਜਿਸ ਨਾਲ ਨੌਜਵਾਨਾਂ ਲਈ 50,000 ਨੌਕਰੀਆਂ ਦੇ ਮੌਕੇ ਪੈਦਾ ਹੋਣਗੇ। ਇਸ ਦਾ ਐਲਾਨ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਉਦਯੋਗਿਕ ਦਿੱਗਜਾਂ, ਨੀਤੀ ਘਾੜਿਆਂ ਤੇ ਭਾਈਵਾਲਾਂ ਦਰਮਿਆਨ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਕਰਵਾਈ ਗਈ ਚੀਫ ਐਗਜ਼ੀਕਿਊਟਿਵ ਅਫ਼ਸਰ ਓ.) ਮੀਟ-2024 ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰੱਕਤ ਕਰਦਿਆਂ ਕੀਤਾ।
ਇਸ ਦੌਰਾਨ ਨੈਸ਼ਨਲ ਐਸੋਸੀਏਸ਼ਨ ਆਫ ਸਾਫਟਵੇਅਰ ਐਂਡ ਸਰਵਿਸ ਕੰਪਨੀਜ਼ (ਨੈਸਕਾਮ) ਤੇ ਮੋਹਾਲੀ (ਐੱਸ.ਏ.ਐੱਸ. ਨਗਰ), ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ ਦੀਆਂ ਇੰਡਸਟਰੀ ਐਸੋਸੀਏਸ਼ਨਾਂ ਸਮੇਤ 20 ਉਦਯੋਗਾਂ ਨਾਲ ਸਮਝੌਤੇ ਸਹੀਬੱਧ ਕੀਤੇ ਗਏ। ਉਨ੍ਹਾਂ ਨੇ ਸੂਬੇ ਭਰ ’ਚ 750 ਉਮੀਦਵਾਰਾਂ ਵਾਲੇ 23 ਸਿਖਲਾਈ ਸੈਂਟਰਾਂ ਦਾ ਡਿਜੀਟਲੀ ਉਦਘਾਟਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਸ਼ਵ ਹੁਨਰ ਮੁਕਾਬਲੇ ਦੇ 100 ਜੇਤੂਆਂ ਨੂੰ ਮੈਡਲ ਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ। ਇਸ ਦੌਰਾਨ ‘ਸਾਡੇ ਨੌਜਵਾਨਾਂ ਤੇ ਵਰਕਫੋਰਸ ਦੇ ਭਵਿੱਖ ਨੂੰ ਬਿਹਤਰ ਬਣਾਉਣਾ’ ਵਿਸ਼ੇ ’ਤੇ ਪੈਨਲ ਚਰਚਾ ਕਰਵਾਈ ਗਈ, ਜਿਸ ’ਚ ਵਿਕਸਿਤ ਹੋ ਰਹੇ ਬਾਜ਼ਾਰ ਦੇ ਸੰਦਰਭ ’ਚ ਨੌਜਵਾਨਾਂ ਤੇ ਵਰਕਫੋਰਸ ਨੂੰ ਰੁਜ਼ਗਾਰ ਦੇ ਮੌਕਿਆਂ ਨਾਲ ਜੋੜਨ ਬਾਰੇ ਚਰਚਾ ਕੀਤੀ ਗਈ।