ਨੈਸ਼ਨਲ — ਗੂਗਲ ਮੈਪ ਨਾਲ ਲੋਕੇਸ਼ਨ ਦੇਖ ਕੇ ਯਾਤਰਾ ਕਰਨਾ ਹੁਣ ਖ਼ਤਰਨਾਕ ਹੁੰਦਾ ਜਾ ਰਿਹਾ ਹੈ। ਇਸ ਦੀ ਤਾਜ਼ਾ ਉਦਾਹਰਣ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ‘ਚ ਸਾਹਮਣੇ ਆਈ ਹੈ। ਇੱਥੇ ਇਕ ਵਾਰ ਮੁੜ ਗੂਗਲ ਮੈਪ ਕਾਰਨ ਵੱਡਾ ਹਾਦਸਾ ਹੋ ਗਿਆ। ਦਰਅਸਲ ਇੱਜ਼ਤ ਨਗਰ ਥਾਣਾ ਖੇਤਰ ‘ਚ ਇਕ ਕਾਰ ਗੂਗਲ ਮੈਪ ਕਾਰਨ ਕਲਾਪੁਰ ਨਹਿਰ ‘ਚ ਡਿੱਗ ਗਈ। ਇਸ ਹਾਦਸੇ ‘ਚ ਤਿੰਨ ਲੋਕ ਵਾਲ-ਵਾਲ ਬਚ ਗਏ। ਜਾਣਕਾਰੀ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਕਾਰ ਨੂੰ ਨਹਿਰ ‘ਚੋਂ ਬਾਹਰ ਕੱਢਿਆ।
ਇਹ ਘਟਨਾ 24 ਨਵੰਬਰ ਨੂੰ ਹੋਈ ਸੀ, ਜਦੋਂ ਓਰੈਯਾ ਜ਼ਿਲ੍ਹੇ ਦਾ ਦਿਵਾਂਸ਼ੂ ਅਤੇ ਉਸ ਦੇ 2 ਸਾਥੀ ਆਪਣਾ ਟਾਟਾ ਟੈਗੋਰ ਕਾਰ ਨਾਲ ਸੈਟੇਲਾਈਟ ਗੂਗਲ ਮੈਪ ਦਾ ਇਸਤੇਮਾਲ ਕਰ ਕੇ ਪੀਲੀਭੀਤ ਜਾ ਰਹੇ ਸਨ। ਰਸਤੇ ‘ਚ ਕਲਾਪੁਰ ਨਹਿਰ ਕੋਲ ਸੜਕ ਦਾ ਕਟਾਵ ਹੋ ਗਿਆ ਸੀ, ਜਿਸ ਕਾਰਨ ਕਾਰ ਨਹਿਰ ‘ਚ ਡਿੱਗ ਗਈ। ਤਿੰਨੋਂ ਲੋਕ ਸੁਰੱਖਿਅਤ ਹਨ। ਕਾਰ ਨੂੰ ਨਹਿਰ ‘ਚੋਂ ਬਾਹਰ ਕੱਢ ਲਿਆ ਗਿਆ ਹੈ। ਇਸ ਤੋਂ ਪਹਿਲਾਂ ਗੂਗਲ ਮੈਪ ਕਾਰਨ ਬਦਾਊਂ ਦੇ ਦਾਤਾਗੰਜ ਤੋਂ ਬਰੇਲੀ ਜਾਂਦੇ ਹੋਏ ਤਿੰਨ ਲੋਕ ਇਕ ਅਧੂਰੇ ਪੁਲ ਤੋਂ ਡਿੱਗੇ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।