ਨੈਸ਼ਨਲ – ਓਡੀਸ਼ਾ ਸੂਬੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਬਾਲਾਸੋਰ ਜ਼ਿਲ੍ਹੇ ‘ਚ ਇਕ ਸਰਕਾਰੀ ਹਾਈ ਸਕੂਲ ਦੇ ਹੈੱਡ ਮਾਸਟਰ ਤੇ ਇਕ ਹੋਰ ਅਧਿਆਪਕ ਨੂੰ ਨੌਵੀਂ ਕਲਾਸ ਦੀ ਇਕ ਵਿਦਿਆਰਥਣ ਨਾਲ ਗੰਦੀ ਕਰਤੂਤ ਕਰਨ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਦੇ ਇੱਕ ਸਰਕਾਰੀ ਹਾਈ ਸਕੂਲ ਦੇ ਹੈੱਡਮਾਸਟਰ ਸਣੇ ਦੋ ਅਧਿਆਪਕਾਂ ਨੂੰ ਨੌਵੀਂ ਜਮਾਤ ਦੀ ਵਿਦਿਆਰਥਣ ਨਾਲ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਨੀਵਾਰ ਨੂੰ ਵਿਦਿਆਰਥਣ ਦੇ ਪਰਿਵਾਰ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਐਤਵਾਰ ਅੱਧੀ ਰਾਤ ਨੂੰ ਰਾਏਬਾਨੀਆ ਪੁਲਸ ਸਟੇਸ਼ਨ ਦੇ ਕਰਮਚਾਰੀਆਂ ਨੇ ਮੁਲਜ਼ਮਾਂ ਨੂੰ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ।
ਸ਼ਿਕਾਇਤ ਦੇ ਅਨੁਸਾਰ, ਜ਼ਿਲ੍ਹੇ ਦੇ ਚਾਰਮਾਰ ਪਿੰਡ ਵਿੱਚ ਸਥਿਤ ਸਕੂਲ ਦੇ ਗਣਿਤ ਅਧਿਆਪਕ ਨੇ ਵਿਦਿਆਰਥਣ ਨਾਲ ਕਈ ਵਾਰ ਛੇੜਛਾੜ ਕੀਤੀ। ਪੀੜਤਾ ਨੇ ਇਸ ਬਾਰੇ ਹੈੱਡਮਾਸਟਰ ਵੀ ਦੱਸਿਆ, ਪਰ ਇਸ ਦੇ ਬਾਵਜੂਦ ਉਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਮਗਰੋਂ ਵਿਦਿਆਰਥਣ ਨੇ ਅੱਕ ਕੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਇੰਸਪੈਕਟਰ-ਇੰਚਾਰਜ ਲੋਪਾਮੁਦਰਾ ਪਾਂਡਾ ਨੇ ਕਿਹਾ ਕਿ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।