ਅੰਮ੍ਰਿਤਸਰ -ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਸਾਨੀ ਹੱਕਾਂ ਪ੍ਰਤੀ ਸਰਕਾਰਾਂ ਦੀ ਬੇਰੁਖੀ ਅਤੇ ਅੜੀਅਲ ਰਵੱਈਏ ਖ਼ਿਲਾਫ਼ ਮਰਨ ਵਰਤ ’ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਗੰਭੀਰ ਹੋ ਰਹੀ ਸਿਹਤ ਸਥਿਤੀ ਨੂੰ ਬੇਹੱਦ ਚਿੰਤਾਜਨਕ ਕਰਾਰ ਦਿੱਤਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਬੇਸ਼ੱਕ ਮਰਨ ਵਰਤ ਅਤੇ ਭੁੱਖ ਹੜਤਾਲ ਵਰਗਾ ਸਿੱਖ ਪਰੰਪਰਾ ’ਚ ਕੋਈ ਸੰਕਲਪ ਨਹੀਂ ਹੈ ਪਰ ਇਕ ਜਮਹੂਰੀਅਤ ਸਰਕਾਰ ਲਈ ਇਹ ਬੇਹੱਦ ਸ਼ਰਮਨਾਕ ਹੈ ਕਿ ਕਿਸੇ ਲੋਕਤੰਤਰ ਵਿਚ ਅੰਨਦਾਤਾ ਨੂੰ ਆਪਣੇ ਹੱਕ ਲੈਣ ਲਈ ਅੰਨ ਛੱਡਣ ਲਈ ਮਜ਼ਬੂਰ ਹੋਣਾ ਪਵੇ। ਉਨ੍ਹਾਂ ਕਿਹਾ ਕਿ ਸਾਲ 2020 ਵਿਚ ਕਿਸਾਨੀ ਮਾਰੂ ਤਿੰਨ ਖੇਤੀ ਬਿੱਲ ਰੱਦ ਕਰਵਾਉਣ ਲਈ ਦੇਸ਼ ਵਿਆਪੀ ਕਿਸਾਨੀ ਸੰਘਰਸ਼ ਨੂੰ ਸਮਾਪਤ ਕਰਵਾਉਣ ਵੇਲੇ ਕੇਂਦਰ ਸਰਕਾਰ ਨੇ ਦੇਸ਼ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਦੇਣ ਦੇ ਵਾਅਦੇ ਕੀਤੇ ਸਨ ਪਰ ਅਫਸੋਸ ਹੈ ਕਿ ਚਾਰ ਸਾਲ ਬੀਤ ਜਾਣ ’ਤੇ ਵੀ ਸਰਕਾਰ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਦਿੱਤੇ, ਸਗੋਂ ਬੜੀ ਢੀਠਤਾ ਨਾਲ ਦੇਸ਼ ਦੇ ਅੰਨਦਾਤਾ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ।