ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਦੇ ਸਾਰੇ ਦਫ਼ਤਰਾਂ ‘ਚ ਹੁਣ ਹਰ ਬੁੱਧਵਾਰ ਨੂੰ ਸਾਰੇ ਅਧਿਕਾਰੀ ਆਮ ਜਨਤਾ ਨੂੰ ਮਿਲਣਗੇ ਅਤੇ ਕੋਈ ਵੀ ਮੀਟਿੰਗ ਉਸ ਦਿਨ ਨਹੀਂ ਹੋਵੇਗੀ ਸਿਵਾਏ ਐਮਰਜੈਂਸੀ ਮੀਟਿੰਗ ਦੇ। ਇਹ ਐਲਾਨ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਸਿੰਘ ਕਟਾਰੀਆ ਨੇ ਸ਼ਨੀਵਾਰ ਨੂੰ ਸਲਾਹਕਾਰ ਕਮੇਟੀ ਦੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਬੁੱਧਵਾਰ ਦਾ ਦਿਨ ਜਨਤਾ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਹੋਵੇਗਾ, ਤਾਂ ਜੋ ਜਨਤਾ ਅਤੇ ਪ੍ਰਸ਼ਾਸਨ ਵਿਚਕਾਰ ਸਹਿਯੋਗ ਵਧਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੌਜੂਦਾ ਲੋੜਾਂ ਅਤੇ ਭਵਿੱਖ ਦੀਆਂ ਖਾਹਿਸ਼ਾਂ ਦੀ ਪ੍ਰਾਪਤੀ ਲਈ ਜਨਤਾ ਅਤੇ ਪ੍ਰਸ਼ਾਸਨ ਵਿਚਕਾਰ ਨੇੜਤਾ ਹੋਣੀ ਜ਼ਰੂਰੀ ਹੈ। ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ ਨੇ ਗੁਲਾਬ ਚੰਦ ਕਟਾਰੀਆ ਅਤੇ ਪ੍ਰਸ਼ਾਸਕ ਦੀ ਸਲਾਹਕਾਰ ਕੌਂਸਲ ਦੇ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਸਬ ਕਮੇਟੀਆਂ ਅਤੇ ਮੈਂਬਰਾਂ ਦੇ ਵੱਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਸ਼ਹਿਰ ਨੂੰ ਹਰਿਆ ਭਰਿਆ, ਸਾਫ਼-ਸੁਥਰਾ ਅਤੇ ਸਮਾਰਟ ਸਿਟੀ ਬਣਾਉਣ ਦੇ ਟੀਚਿਆਂ ’ਤੇ ਚਾਨਣਾ ਪਾਇਆ। ਸਿੱਖਿਆ, ਸਿਹਤ, ਸ਼ਹਿਰੀ ਬੁਨਿਆਦੀ ਢਾਂਚਾ, ਸਮਾਜ ਭਲਾਈ, ਕਾਨੂੰਨ ਵਿਵਸਥਾ, ਖੇਡਾਂ, ਟਰਾਂਸਪੋਰਟ, ਸੱਭਿਆਚਾਰ, ਵਾਤਾਵਰਣ ਅਤੇ ਪੈਰੀਫਿਰਲ ਏਰੀਆ ਵਿਕਾਸ ਨਾਲ ਸਬੰਧਿਤ 10 ਸਥਾਈ ਕਮੇਟੀਆਂ ਦੇ ਪ੍ਰਧਾਨਾਂ ਨੇ ਆਪਣੀਆਂ ਪਿਛਲੀਆਂ ਪ੍ਰਾਪਤੀਆਂ ਦੀ ਸਮੀਖਿਆ ਕੀਤੀ ਅਤੇ ਨਵੀਆਂ ਸਿਫਾਰਸ਼ਾਂ ਪੇਸ਼ ਕੀਤੀਆਂ। ਕੌਂਸਲ ਦੇ ਮੈਂਬਰਾਂ ਨੇ ਵੱਖ-ਵੱਖ ਮੁੱਦਿਆਂ ’ਤੇ ਆਪਣੇ ਵਿਚਾਰ ਅਤੇ ਸੁਝਾਅ ਵੀ ਦਿੱਤੇ।