Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਨਸ਼ਾ ਤਸਕਰਾਂ ਦੇ ਸਿਆਸੀ ਸਰਪ੍ਰਸਤਾਂ ਨਾਲ ਰਾਜਪਾਲ ਦੀ ਯਾਤਰਾ, ਸਿਰਫ਼ ਦਿਖਾਵਾ: ਕੁਲਦੀਪ...

ਨਸ਼ਾ ਤਸਕਰਾਂ ਦੇ ਸਿਆਸੀ ਸਰਪ੍ਰਸਤਾਂ ਨਾਲ ਰਾਜਪਾਲ ਦੀ ਯਾਤਰਾ, ਸਿਰਫ਼ ਦਿਖਾਵਾ: ਕੁਲਦੀਪ ਧਾਲੀਵਾਲ

 

ਪੰਜਾਬ ਵਿੱਚ ਨਸ਼ਿਆਂ ਦਾ ‘ਛੇਵਾਂ ਦਰਿਆ’ ਲਿਆਉਣ ਵਾਲੇ ਸੁਖਬੀਰ ਬਾਦਲ ਅਤੇ ਭਾਜਪਾ ਆਗੂਆਂ ਨਾਲ ਸਟੇਜ ਸਾਂਝੀ ਕਰਨਾ ਨਿੰਦਣਯੋਗ ਹੈ: ਕੁਲਦੀਪ ਸਿੰਘ ਧਾਲੀਵਾਲ

ਪੰਜਾਬ 2007-2017 ਨੂੰ ਨਹੀਂ ਭੁੱਲ ਸਕਦਾ ਜਦੋਂ ਰਾਜਪਾਲ ਨਾਲ ਦਿਖਾਈ ਦੇਣ ਵਾਲੇ ਉਨ੍ਹਾਂ ਆਗੂਆਂ ਦੇ ਅਧੀਨ ਨਸ਼ੇ ਵਧੇ-ਫੁੱਲੇ ਸਨ: ਕੁਲਦੀਪ ਧਾਲੀਵਾਲ

ਪੰਜਾਬ ਦੇ ਲੋਕ ਜਾਣਦੇ ਹਨ ਕਿ ਨਸ਼ਿਆਂ ਨਾਲ ਕਿਸਨੇ ਲੜਾਈ ਲੜੀ ਅਤੇ ਤਸਕਰਾਂ ਦੀ ਰੱਖਿਆ ਕਿਸਨੇ ਕੀਤੀ: ਕੁਲਦੀਪ ਸਿੰਘ ਧਾਲੀਵਾਲ

ਤਸਕਰਾਂ ਦੇ ਸਿਆਸੀ ਸਰਪ੍ਰਸਤਾਂ ਨਾਲ ਕਿਸੇ ਵੀ ਨਸ਼ਾ ਵਿਰੋਧੀ ਮੁਹਿੰਮ ਨੂੰ ਕਦੇ ਵੀ ਜਨਤਕ ਸਮਰਥਨ ਨਹੀਂ ਮਿਲੇਗਾ: ਕੁਲਦੀਪ ਧਾਲੀਵਾਲ

ਚੰਡੀਗੜ੍ਹ, 10 ਫਰਵਰੀ 2026

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਯਾਤਰਾ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੇ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਲਗਾਤਾਰ ਯਾਤਰਾਵਾਂ ਕੱਢ ਰਹੀ ਹੈ। ਪਰ ਸਾਡੀ ਸਰਕਾਰ ਦੀ ਸਫਲਤਾ ਤੋਂ ਬੌਖਲਾ ਕੇ ਰਾਜਪਾਲ ਸਾਹਿਬ ਨੇ ਜੋ ਆਪਣੀ ਵੱਖਰੀ ਯਾਤਰਾ ਸ਼ੁਰੂ ਕੀਤੀ ਹੈ, ਉਸ ਦਾ ਤਰੀਕਾ ਅਤੇ ਉਸ ਵਿੱਚ ਸ਼ਾਮਲ ਲੋਕ ਕਈ ਗੰਭੀਰ ਸਵਾਲ ਖੜ੍ਹੇ ਕਰਦੇ ਹਨ।

ਮੰਗਲਵਾਰ ਨੂੰ ਪਾਰਟੀ ਦਫ਼ਤਰ ਵਿਖੇ ਇੱਕ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਅਸੀਂ ਨਸ਼ਿਆਂ ਖ਼ਿਲਾਫ਼ ਕਿਸੇ ਵੀ ਮੁਹਿੰਮ ਦੇ ਵਿਰੋਧੀ ਨਹੀਂ ਹਾਂ ਅਤੇ ਚਾਹੁੰਦੇ ਹਾਂ ਕਿ ਹਰ ਵਿਅਕਤੀ ਇਸ ਲੜਾਈ ਦਾ ਹਿੱਸਾ ਬਣੇ, ਪਰ ਰਾਜਪਾਲ ਦਾ ਉਨ੍ਹਾਂ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਨਿੰਦਣਯੋਗ ਹੈ ਜੋ ਖ਼ੁਦ ਪੰਜਾਬ ਵਿੱਚ ਨਸ਼ਾ ਫੈਲਾਉਣ ਲਈ ਜ਼ਿੰਮੇਵਾਰ ਹਨ।

ਧਾਲੀਵਾਲ ਨੇ ਰਾਜਪਾਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜਿਸ ਯਾਤਰਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਆਗੂ ਅਸ਼ਵਨੀ ਸ਼ਰਮਾ ਨਾਲ ਬੈਠੇ ਹੋਣ, ਉਹ ਯਾਤਰਾ ਨਸ਼ਾ ਖ਼ਤਮ ਕਰਨ ਲਈ ਨਹੀਂ ਸਗੋਂ ਅਪਰਾਧੀਆਂ ਨੂੰ ਬਚਾਉਣ ਦੀ ਕੋਸ਼ਿਸ਼ ਜਾਪਦੀ ਹੈ।

ਉਨ੍ਹਾਂ ਕਿਹਾ ਕਿ ਰਾਜਪਾਲ ਸਾਹਿਬ ਨੂੰ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਇਹ ਸਮਝਣਾ ਚਾਹੀਦਾ ਸੀ ਕਿ ਪੰਜ ਦਰਿਆਵਾਂ ਦੀ ਇਸ ਧਰਤੀ ‘ਤੇ ਨਸ਼ੇ ਦਾ ‘ਛੇਵਾਂ ਦਰਿਆ’ ਕੌਣ ਲੈ ਕੇ ਆਇਆ ਸੀ। 2007 ਤੋਂ 2017 ਤੱਕ ਪੰਜਾਬ ਵਿੱਚ ਜਿਨ੍ਹਾਂ ਦੀ ਸਰਕਾਰ ਰਹੀ, ਉਨ੍ਹਾਂ ਦੇ ਰਾਜ ਵਿੱਚ ਹੀ ਨਸ਼ਾ ਫਲਿਆ-ਫੁੱਲਿਆ ਅਤੇ ਅੱਜ ਉਹੀ ਲੋਕ ਰਾਜਪਾਲ ਨਾਲ ਮੰਚ ਸਾਂਝਾ ਕਰ ਰਹੇ ਹਨ। ਇਹ ਉਹੀ ਲੋਕ ਹਨ ਜਿਨ੍ਹਾਂ ਨੇ ਸੱਤਾ ਵਿੱਚ ਰਹਿੰਦਿਆਂ ਨਸ਼ਾ ਤਸਕਰਾਂ ਨੂੰ ਪਨਾਹ ਦਿੱਤੀ।

‘ਆਪ’ ਆਗੂ ਨੇ ਅੱਗੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਹਨ ਕਿ ਜਿਨ੍ਹਾਂ ਤਾਕਤਾਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ, ਉਹ ਕਿਸ ਮੂੰਹ ਨਾਲ ਨਸ਼ਿਆਂ ਵਿਰੁੱਧ ਯਾਤਰਾ ਕੱਢ ਰਹੇ ਹਨ। ਰਾਜਪਾਲ ਸਾਹਿਬ ਅੱਜ ਉਨ੍ਹਾਂ ਹੀ ਤਾਕਤਾਂ ਨੂੰ ਉਤਸ਼ਾਹਿਤ ਕਰ ਰਹੇ ਹਨ ਜਿਨ੍ਹਾਂ ਨੇ ਪੰਜਾਬ ਦਾ ਭਵਿੱਖ ਹਨੇਰੇ ਵਿੱਚ ਧੱਕਿਆ।

ਧਾਲੀਵਾਲ ਨੇ ਕਿਹਾ ਕਿ ਜੇਕਰ ਰਾਜਪਾਲ ਵਾਕਈ ਗੰਭੀਰ ਹਨ, ਤਾਂ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਅਤੇ ਸੰਸਥਾਵਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਜੋ ਪਿਛਲੇ ਕਈ ਸਾਲਾਂ ਤੋਂ ਜ਼ਮੀਨੀ ਪੱਧਰ ‘ਤੇ ਨਸ਼ਿਆਂ ਵਿਰੁੱਧ ਇਮਾਨਦਾਰੀ ਨਾਲ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਸ਼ਾ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਰਿਹਾ ਹੈ ਅਤੇ ਅਸੀਂ ਪਿਛਲੇ 4 ਸਾਲਾਂ ਤੋਂ ਇਸ ਵਿਰੁੱਧ ਫੈਸਲਾਕੁੰਨ ਜੰਗ ਲੜ ਰਹੇ ਹਾਂ।

ਕੁਲਦੀਪ ਧਾਲੀਵਾਲ ਨੇ ਕਿਹਾ ਕਿ ਰਾਜਪਾਲ ਦੀ ਯਾਤਰਾ ਵਿੱਚ ਪੰਜਾਬ ਨੂੰ ਬਰਬਾਦ ਕਰਨ ਵਾਲੇ ਗੁਨਾਹਗਾਰਾਂ ਦਾ ਸ਼ਾਮਲ ਹੋਣਾ ਬੇਹੱਦ ਨਿਰਾਸ਼ਾਜਨਕ ਹੈ। ਪੰਜਾਬ ਦੀ ਜਨਤਾ ਸਭ ਦੇਖ ਰਹੀ ਹੈ ਅਤੇ ਉਹ ਜਾਣਦੀ ਹੈ ਕਿ ਕੌਣ ਨਸ਼ਿਆਂ ਵਿਰੁੱਧ ਲੜ ਰਿਹਾ ਹੈ ਅਤੇ ਕੌਣ ਨਸ਼ਾ ਵੇਚਣ ਵਾਲਿਆਂ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਆਪਣੀ ਮੁਹਿੰਮ ਜਾਰੀ ਰੱਖੇਗੀ, ਪਰ ਨਸ਼ਾ ਤਸਕਰਾਂ ਦੇ ਸਿਆਸੀ ਆਕਾਵਾਂ ਨਾਲ ਮਿਲ ਕੇ ਕੱਢੀ ਜਾਣ ਵਾਲੀ ਅਜਿਹੀ ਕਿਸੇ ਵੀ ਯਾਤਰਾ ਦਾ ਪੰਜਾਬ ਦੇ ਲੋਕ ਸਮਰਥਨ ਨਹੀਂ ਕਰਨਗੇ।