ਖੰਨਾ : ਖੰਨਾ ਦੇ ਅਮਲੋਹ ਰੋਡ ‘ਤੇ ਸਥਿਤ ਗੁਰਦੁਆਰਾ ਬੇਗਮਪੁਰਾ ਸਾਹਿਬ ਗਲਵੱਡੀ ਦੇ ਗ੍ਰੰਥੀ ਨੂੰ ਲੈ ਕੇ ਵਿਵਾਦ ਹੋਇਆ ਹੈ। ਗੁਰਦੁਆਰਾ ਕਮੇਟੀ ਨੇ ਕਰਤਾਰ ਨਗਰ ‘ਚ ਗ੍ਰੰਥੀ ਨੂੰ ਉਸ ਦੇ ਦੋਸਤ ਦੇ ਘਰੋਂ ਸ਼ਰਾਬ ਪੀਂਦੇ ਅਤੇ ਮੀਟ ਖਾਂਦੇ ਹੋਏ ਫੜ ਲਿਆ। ਇਸ ਤੋਂ ਬਾਅਦ ਹੰਗਾਮਾ ਹੋ ਗਿਆ ਅਤੇ ਗ੍ਰੰਥੀ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ। ਪੁਲਸ ਨੇ ਗ੍ਰੰਥੀ ਨੂੰ ਹਿਰਾਸਤ ਵਿਚ ਲੈ ਕੇ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਇਆ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਅਮਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗ੍ਰੰਥੀ ਅਮਰਜੀਤ ਸਿੰਘ ਕਰਤਾਰ ਨਗਰ ਇਲਾਕੇ ਵਿਚ ਆਪਣੇ ਇਕ ਦੋਸਤ ਦੇ ਘਰ ਸ਼ਰਾਬ ਪੀ ਰਿਹਾ ਹੈ ਅਤੇ ਮੀਟ ਖਾ ਰਿਹਾ ਹੈ। ਕਮੇਟੀ ਦੇ ਕੁਝ ਲੋਕ ਉੱਥੇ ਪੁੱਜੇ ਤਾਂ ਦੇਖਿਆ ਕਿ ਗ੍ਰੰਥੀ ਅਤੇ ਉਸ ਦਾ ਦੋਸਤ ਸ਼ਰਾਬ ਪੀ ਰਹੇ ਸਨ ਅਤੇ ਨਾਲ ਮੀਟ ਖਾਂ ਰਹੇ ਸਨ। ਉਸ ਨੂੰ ਫੜ ਕੇ ਥਾਣੇ ਲਿਜਾਇਆ ਗਿਆ। ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਕਿ ਗ੍ਰੰਥੀ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।ਸਿਟੀ ਥਾਣਾ 2 ਦੇ ਐੱਸ.ਐੱਚ.ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਗ੍ਰੰਥੀ ਅਮਰਜੀਤ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਰਾਤ ਨੂੰ ਹੀ ਉਸ ਦਾ ਮੈਡੀਕਲ ਕਰਵਾਇਆ ਗਿਆ। ਮੈਡੀਕਲ ਰਿਪੋਰਟ ਦੀ ਉਡੀਕ ਹੈ। ਜਿਨ੍ਹਾਂ ਨੇ ਗ੍ਰੰਥੀ ਨੂੰ ਫੜਿਆ ਹੈ, ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।