ਜਲੰਧਰ : ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਰਾਹਤ ਭਰੀ ਖ਼ਬਰ ਹੈ। ਦਰਅਸਲ, 5 ਦਿਨਾਂ ਲਈ ਰੱਦ ਕੀਤੀਆਂ ਟਰੇਨਾਂ ਦਾ ਸੰਚਾਲਨ ਚਾਰ ਦਿਨ ਬਾਅਦ 27 ਨਵੰਬਰ ਤੋਂ ਮੁੜ ਸ਼ੁਰੂ ਹੋਵੇਗਾ, ਇਸ ਨਾਲ ਡੇਰਾ ਬਿਆਸ ਜਾਣ ਵਾਲੀ ਸੰਗਤ ਨੂੰ ਵੱਡੀ ਰਾਹਤ ਮਿਲੇਗੀ। ਜਾਣਕਾਰੀ ਅਨੁਸਾਰ ਚਹੇੜੂ ਰੇਲਵੇ ਸਟੇਸ਼ਨ ‘ਤੇ ਇੰਟਰਲਾਕਿੰਗ ਦੇ ਕੰਮ ਕਾਰਨ ਕਈ ਰੇਲ ਗੱਡੀਆਂ ਪ੍ਰਭਾਵਿਤ ਹੋ ਰਹੀਆਂ ਹਨ, ਜਿਸ ਕਾਰਨ ਰੇਲਵੇ ਨੇ ਬਿਆਸ ਭੰਡਾਰੇ ਲਈ 2 ਰੇਲ ਗੱਡੀਆਂ ਬਹਾਲ ਕਰ ਦਿੱਤੀਆਂ ਹਨ ਤਾਂ ਜੋ ਬਿਆਸ ਆਉਣ-ਜਾਣ ਵਾਲੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਦੱਸਣਯੋਗ ਹੈ ਕਿ ਡੇਰਾ ਬਿਆਸ ਵਿਚ ਇਨ੍ਹੀਂ ਦਿਨੀਂ ਭੰਡਾਰਿਆਂ ਦਾ ਆਯੋਜਨ ਹੋ ਰਿਹਾ ਹੈ। ਸ਼ੁੱਕਰਵਾਰ ਤੋਂ ਲੈ ਕੇ ਐਤਵਾਰ ਤਕ ਵੱਡੀ ਗਿਣਤੀ ਵਿਚ ਸੰਗਤ ਡੇਰਾ ਬਿਆਸ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਦਰਸ਼ਨ ਕਰਨ ਅਤੇ ਉਨ੍ਹਾਂ ਦਾ ਸਤਿਸੰਗ ਸੁਣਨ ਲਈ ਬਿਆਸ ਆਉਂਦੀ ਹੈ। ਸੰਗਤ ਦੀ ਸਹੂਲਤ ਦੇ ਮੱਦੇਨਜ਼ਰ ਦੋ ਟ੍ਰੇਨਾਂ ਬਹਾਲ ਕੀਤੀਆਂ ਗਈਆਂ ਹਨ ਤਾਂ ਜੋ ਆਉਣ ਜਾਣ ਵਾਲੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ।
ਯਾਦ ਰਹੇ ਕਿ ਕੁਝ ਦਿਨਾਂ ਤੋਂ ਤਕਨੀਕੀ ਕਾਰਣਾਂ ਕਰਕੇ ਟ੍ਰੇਨਾਂ ਦੀ ਆਵਾਜਾਈ ਕਾਫੀ ਪ੍ਰਭਾਵਤ ਹੋ ਰਹੀ ਹੈ। ਜਲੰਧਰ ਕੈਂਟ ਸਟੇਸ਼ਨ ‘ਤੇ ਨਿਰਮਾਣ ਕਾਰਜ ਚੱਲਣ ਕਰਕੇ ਕਈ ਟ੍ਰੇਨਾਂ ਨੂੰ ਫਗਵਾੜਾ ਸਟੇਸ਼ਨ ‘ਤੇ ਹੀ ਟਰਮੀਨੇਟ ਕੀਤਾ ਜਾ ਰਿਹਾ ਹੈ। ਜਿਸ ਕਾਰਣ ਸੰਗਤ ਨੂੰ ਡੇਰਾ ਬਿਆਸ ਪਹੁੰਚਣ ਵਿਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸੇ ਕਰਕੇ ਰਾਧਾ ਸੁਆਮੀ ਸਤਿਸੰਗ ਘਰ ਜਲੰਧਰ ਅਤੇ ਫਗਵਾੜਾ ਦੇ ਪ੍ਰਬੰਧਕਾਂ ਨੇ ਸੰਗਤ ਦੀ ਸਹੂਲਤ ਲਈ ਫਗਵਾੜਾ ਸਟੇਸ਼ਨ ‘ਤੇ ਸੇਵਾਦਾਰਾਂ ਨੂੰ ਤਾਇਨਾਤ ਕੀਤਾ ਹੈ ਅਤੇ ਡੇਰਾ ਬਿਆਸ ਆਉਣ ਵਾਲੀ ਦੂਜੇ ਸੂਬਿਆਂ ਦੀ ਸੰਗਤ ਨੂੰ ਡੇਰਾ ਪਹੁੰਚਣ ਦਾ ਇੰਤਜ਼ਾਮ ਕੀਤਾ ਹੈ।
ਸੰਗਤ ਲਈ ਸਪੈਸ਼ਲ ਬੱਸਾਂ ਲਗਾਈਆਂ ਗਈਆਂ ਹਨ। ਇੰਨਾ ਹੀ ਨਹੀਂ ਸੰਗਤ ਦੇ ਨਾਲ-ਨਾਲ ਹੋਰ ਰੇਲ ਯਾਤਰੀਆਂ ਲਈ ਚਾਹ ਪਾਣੀ ਦਾ ਲੰਗਰ ਦਾ ਵੀ ਪ੍ਰਬੰਧਕ ਕੀਤਾ ਗਿਆ ਹੈ। ਬਜ਼ੁਰਗਾਂ ਲਈ ਵ੍ਹੀਲਚੇਅਰ ਦਾ ਬੰਦੋਬਸਤ ਕੀਤਾ ਗਿਆ ਹੈ। ਸਮੇਂ ਸਿਰ ਡੇਰਾ ਬਿਆਸ ਪਹੁੰਚੀ ਸੰਗਤ ਨੇ ਇਸ ਸਹੂਲਤ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਹੈ।