ਦੇਸ਼ ’ਚ ਕੂੜੇ ਦੇ ਢੇਰ ਵੱਧਦੇ ਹੀ ਜਾ ਰਹੇ ਹਨ, ਇੱਕ ਪਾਸੇ ਜਿੱਥੇ ਕੂੜੇ ਦੇ ਢੇਰਾਂ ਨੇ ਫਾਲਤੂ ਜਗ੍ਹਾਂ ਰੋਕੀ ਹੋਈ ਹੈ, ਤਾਂ ਉੱਥੇ ਹੀ ਦੂਜੇ ਪਾਸੇ ਇਹ ਕੂੜੇ ਦੇ ਢੇਰ ਬਿਮਾਰੀਆਂ ਦਾ ਘਰ ਵੀ ਬਣਦੇ ਜਾ ਰਹੇ ਹਨ। ਹਰਿਆਣਾ ’ਚ ਇੰਨ੍ਹਾਂ ਕੂੜੇ ਦੇ ਢੇਰਾਂ ਨਾਲ ਨਜਿੱਠਣ ਲਈ ਹਰਿਆਣਾ ਸਰਕਾਰ ਨਵੇਂ ਪਲਾਟ ਸਥਾਪਿਤ ਕਰਨ ਜਾ ਰਹੀ ਹੈ, ਜਿੰਨ੍ਹਾਂ ਦੀ ਮਦਦ ਨਾਲ ਕੂੜੇ ਨੂੰ ਚਾਰਕੋਲ ’ਚ ਬਦਲਿਆ ਜਾ ਸਕੇਗਾ। ਇਹ ਪਲਾਂਟ ਗ੍ਰੀਨ ਕੋਲਾ ਪਲਾਂਟ ਵੱਜੋਂ ਵੀ ਜਾਣੇ ਜਾਂਦੇ ਹਨ। ਫਿਲਹਾਲ ਇਹ ਪਲਾਂਟ ਫਰੀਦਾਬਾਦ ਅਤੇ ਗੁਰੂਗ੍ਰਾਮ ’ਚ ਸਥਾਪਿਤ ਕੀਤੇ ਜਾਣਗੇ, ਜੋ ਕਿ ਆਪਣੀ ਕਿਸਮ ਦਾ ਹਰਿਆਣਾ ਲਈ ਪਹਿਲਾ ਹਰਿਆਲੀ ਪ੍ਰੋਜੈਕਟ ਹੋਵੇਗਾ।
ਇਸੇ ਯੋਜਨਾ ਦੀ ਸ਼ੁਰੂਆਤ ਲਈ ਅੱਜ ਕੇਂਦਰੀ ਊਰਜਾ ਮੰਤਰੀ ਸ਼੍ਰੀ ਮਨੋਹਰ ਲਾਲ ਖੱਟੜ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਸ਼ਹਿਰੀ ਸਥਾਨਕ ਸਰਕਾਰਾਂ ਬਾਰੇ ਰਾਜ ਮੰਤਰੀ ਸੁਭਾਸ਼ ਸੁਧਾ ਦੀ ਮੌਜੂਦਗੀ ਵਿੱਚ, NTPC ਵਿਦਿਯੁਤ ਵਪਾਰ ਨਿਗਮ ਲਿਮਟਿਡ ਦਰਮਿਆਨ ਇੱਕ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਗਏ। ਇਸ ਮੌਕੇ ‘ਤੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗੁਰੂਗ੍ਰਾਮ ਦੇ ਬੰਧਵਾੜੀ ਅਤੇ ਫਰੀਦਾਬਾਦ ਦੇ ਮੋਥੂਕਾ ਵਿੱਚ ਲਗਭਗ 500 ਕਰੋੜ ਰੁਪਏ ਦੀ ਲਾਗਤ ਨਾਲ ਗ੍ਰੀਨ ਕੋਲਾ ਪਲਾਂਟ ਸਥਾਪਤ ਕੀਤੇ ਜਾਣਗੇ। ਇਨ੍ਹਾਂ ਦੋਵਾਂ ਪਲਾਂਟਾਂ ਵਿੱਚ ਗੁਰੂਗ੍ਰਾਮ ਅਤੇ ਫਰੀਦਾਬਾਦ ਸ਼ਹਿਰਾਂ ਵਿੱਚ ਇਕੱਠੇ ਕੀਤੇ ਜਾਣ ਵਾਲੇ 1500 ਟਨ ਪ੍ਰਤੀ ਦਿਨ ਕੂੜੇ ਨੂੰ ਚਾਰਕੋਲ ਵਿੱਚ ਬਦਲਿਆ ਜਾਵੇਗਾ। ਉਨ੍ਹਾਂ ਆਖਿਆ ਕਿ ਇਨ੍ਹਾਂ ਦੋਵੇਂ ਪਲਾਂਟਾਂ ਲਈ ਗੁਰੂਗ੍ਰਾਮ ਅਤੇ ਫਰੀਦਾਬਾਦ ਨਗਰ ਨਿਗਮਾਂ ਵੱਲੋਂ 20-20 ਏਕੜ ਜ਼ਮੀਨ ਦਿੱਤੀ ਜਾਵੇਗੀ ਅਤੇ ਐੱਨਟੀਪੀਸੀ ਜਲਦੀ ਹੀ ਜ਼ਮੀਨ ਦਾ ਕਬਜ਼ਾ ਲੈ ਕੇ ਪਲਾਂਟ ਲਗਾਉਣ ਦਾ ਕੰਮ ਸ਼ੁਰੂ ਕਰ ਦੇਵੇਗੀ।