ਲੁਧਿਆਣਾ-: ਡਾਇਰੈਕਟਰ ਜਨਰਲ ਆਫ ਸਕੂਲ ਐਜੂਕੇਸ਼ਨ-ਕਮ ਸਟੇਟ ਪ੍ਰਾਜੈਕਟ ਡਾਇਰੈਕਟਰ ਪੰਜਾਬ ਸਮੱਗਰ ਸਿੱਖਿਆ ਅਭਿਆਨ ਪੰਜਾਬ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਸਿੱਖਿਆ/ਐਲੀਮੈਂਟਰੀ ਸਿੱਖਿਆ) ਨੂੰ ਇਕ ਪੱਤਰ ਜਾਰੀ ਕਰਦੇ ਹੋਏ ਸਮੱਗਰ ਸਿੱਖਿਆ ਅਭਿਆਨ ਪੰਜਾਬ ਦੇ ਅਧੀਨ ਕੰਮ ਕਰ ਰਹੇ ਸਾਰੇ ਮੁਲਾਜ਼ਮਾਂ ਦੀ ਟਰਾਂਸਫਰ ਲਈ ਆਨਲਾਈਨ ਅਪਲਾਈ ਕਰਨ ਦੇ ਸਬੰਧ ’ਚ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਵਿਭਾਗ ਵੱਲੋਂ ਜਾਰੀ ਉਕਤ ਪੱਤਰ ’ਚ ਕਿਹਾ ਗਿਆ ਹੈ ਕਿ ਸਮੱਗਰ ਸਿੱਖਿਆ ਅਭਿਆਨ ਅਧੀਨ ਕਾਂਟ੍ਰੈਕਟ ਦੇ ਆਧਾਰ ’ਤੇ ਕੰਮ ਕਰ ਰਹੇ ਕਰਮਚਾਰੀਆਂ ਦੀ ਟਰਾਂਸਫਰ ਲਈ ਐਪਲੀਕੇਸ਼ਨ ਦੀ ਮੰਗ ਕੀਤੀ। ਈ-ਪੰਜਾਬ ਪੋਰਟਲ ਜ਼ਰੀਏ ਕੀਤੀ ਜਾ ਰਹੀ ਹੈ। ਇਸ ਲਈ ਜ਼ਿਲ੍ਹਾ ਬਲਾਕ ਸਕੂਲ ਪੱਧਰ ’ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਇਸ ਸਬੰਧ ’ਚ ਸੂਚਿਤ ਕਰਨਾ ਯਕੀਨੀ ਕੀਤਾ ਜਾਵੇ। ਟਰਾਂਸਫਰ ਕਰਵਾਉਣ ਦੇ ਇੱਛੁਕ ਕਰਮਚਾਰੀ ਆਪਣੇ ਈ-ਪੰਜਾਬ ਪੋਰਟਲ ’ਤੇ ਆਪਣੇ ਯੂਜ਼ਰ ਆਈ. ਡੀ. ਲਾਗਿਨ ਕਰਦੇ ਹੋਏ ਟਰਾਂਸਫਰ ਦੇ ਸਬੰਧ ’ਚ ਅਪਲਾਈ ਕਰਨਗੇ।
ਜੋ ਕਰਮਚਾਰੀ ਪਹਿਲਾਂ ਆਪਣੀ ਐਪਲੀਕੇਸ਼ਨ ਈ-ਮੇਲ ਜਾਂ ਦਸਤੀ ਦਫ਼ਤਰ ’ਚ ਦੇ ਚੁੱਕੇ ਹਨ। ਉਨ੍ਹਾਂ ਕਰਮਚਾਰੀਆਂ ਨੂੰ ਵੀ ਈ-ਪੰਜਾਬ ਪੋਰਟਲ ’ਤੇ ਅਪਲਾਈ ਕਰਨਾ ਜ਼ਰੂਰੀ ਹੈ। ਆਫਲਾਈਨ ਦਿੱਤੀ ਗਈ ਅਰਜ਼ੀ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਟਰਾਂਸਫਰ ਦੇ ਸਬੰਧ ਵਿਚ ਈ-ਪੰਜਾਬ ਪੋਰਟਲ ’ਤੇ 7 ਅਗਸਤ ਸ਼ਾਮ 5 ਵਜੇ ਤੱਕ ਅਪਲਾਈ ਕੀਤਾ ਜਾ ਸਕਦਾ ਹੈ।