ਜਲੰਧਰ- ਕਿਸਾਨੀ ਸੰਘਰਸ਼ ਵਿਚਾਲੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਗੁਰਨਾਮ ਸਿੰਘ ਚਡੂਨੀ ਦਾ ਵੱਡਾ ਬਿਆਨ ਦਿੰਦੇ ਹੋਏ ਡੱਲੇਵਾਲ ਅਤੇ ਪੰਧੇਰ ‘ਤੇ ਸਵਾਲ ਚੁੱਕੇ ਹਨ। ਗੁਰਨਾਮ ਸਿੰਘ ਚਡੂਨੀ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਜੇਕਰ ਐੱਸ. ਕੇ. ਐੱਮ. ਦੋ ਫਾੜ ਹੋਇਆ ਹੈ ਤਾਂ ਉਸ ਦੀ ਵਜ੍ਹਾ ਜਗਜੀਤ ਸਿੰਘ ਡੱਲੇਵਾਲ ਹਨ। ਐੱਸ. ਕੇ. ਐੱਮ. ਨੂੰ ਦੋ ਫਾੜ ਕਰਨ ਵਾਲੇ ਡੱਲੇਵਾਲ ਹੀ ਹਨ। ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਚਡੂਨੀ ਨੇ ਕਿਹਾ ਕਿ ਮੈਂ ਖਨੌਰੀ ਬਾਰਡਰ ‘ਤੇ ਹਮਾਇਤ ਦੇਣ ਲਈ ਗਿਆ ਪਰ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਮੇਰਾ ਸਮਰਥਨ ਲੈਣ ਦੇ ਮੂਡ ਵਿਚ ਨਹੀਂ ਹਨ।
ਦੱਸ ਦਈਏ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਅਤੇ ਸ਼ੰਭੂ ਬਾਰਡਰ ‘ਤੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ। ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਪਿਛਲੇ ਸਾਲ ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ। ਖਨੌਰੀ ਸਰਹੱਦ ਵਿਖੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ (ਬੁੱਧਵਾਰ) 37ਵੇਂ ਦਿਨ ‘ਚ ਦਾਖ਼ਲ ਹੋ ਗਿਆ ਹੈ। ਹੁਣ ਖਨੌਰੀ ਸਰਹੱਦ ਸੰਘਰਸ਼ ਦਾ ਕੇਂਦਰ ਬਿੰਦੂ ਬਣ ਗਈ ਹੈ। ਇੱਥੇ ਹਰ ਰੋਜ਼ ਵੱਡੀ ਗਿਣਤੀ ‘ਚ ਲੋਕ ਪਹੁੰਚ ਰਹੇ ਹਨ। ਹਾਲਾਂਕਿ ਮਰਨ ਵਰਤ ‘ਤੇ ਬੈਠੇ ਡੱਲੇਵਾਲ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ।
ਦੱਸਣਯੋਗ ਹੈ ਕਿ 4 ਜਨਵਰੀ ਨੂੰ ਖਨੌਰੀ ਮੋਰਚੇ ‘ਚ ਕਿਸਾਨਾਂ ਦੀ ਤਰਫ਼ੋਂ ਮੋਗਾ ਵਿਖੇ ਮਹਾਂਪੰਚਾਇਤ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੇ 44 ਸਾਲ ਕਿਸਾਨ ਵਰਗ ਦੀ ਸੇਵਾ ਕੀਤੀ ਹੈ। ਉਹ ਮਹਾਂਪੰਚਾਇਤ ਦੌਰਾਨ ਇਨ੍ਹਾਂ ਸਾਰਿਆਂ ਨੂੰ ਮਿਲਣਾ ਚਾਹੁੰਦੇ ਹਨ। ਇਸ ਦੌਰਾਨ ਡੱਲੇਵਾਲ ਲੋਕਾਂ ਨੂੰ ਸੰਦੇਸ਼ ਜਾਰੀ ਕਰਨਗੇ।
ਇਥੇ ਇਹ ਦੱਸ ਦੇਈਏ ਕਿ ਕਿਸਾਨੀ ਮਸਲਿਆਂ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਗਠਿਤ ਹਾਈ ਪਾਵਰ ਕਮੇਟੀ ਨੇ ਇਕ ਵਾਰ ਫਿਰ ਕਿਸਾਨਾਂ ਨੂੰ 3 ਜਨਵਰੀ ਨੂੰ ਮੀਟਿੰਗ ਲਈ ਸੱਦਾ ਦਿੱਤਾ ਹੈ।