ਲੋਕ ਸਭਾ ਚੋਣਾਂ ਦੇ ਚੱਲਦੇ ਸਾਰੀਆਂ ਸਿਆਸੀ ਪਾਰਟੀਆਂ ਚੋਣ ਪ੍ਰਚਾਰ ’ਚ ਰੁੱਝੀਆਂ ਹੋਈਆਂ ਹਨ। ਪਾਰਟੀ ਉਮੀਦਵਾਰਾਂ ਵੱਲੋਂ ਲੋਕਾਂ ਨੂੰ ਭਰਮਾਉਣ ਲਈ ਜਨਤਾ ’ਚ ਜਾ ਕੇ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪਰ ਇਸ ਵਾਰ ਦੀਆਂ ਚੋਣਾਂ ’ਚ ਭਾਜਪਾ ਉਮੀਦਵਾਰਾਂ ਦਾ ਰੰਗ ਫਿੱਕਾ ਨਜ਼ਰ ਆ ਰਿਹਾ ਹੈ। ਕਿਉਂਕਿ ਪੰਜਾਬ ’ਚ ਕਿਸਾਨਾਂ ਦੇ ਵਿਰੋਧ ਦੇ ਚੱਲਦੇ ਭਾਜਪਾ ਲਈ ਚੋਣ ਪ੍ਰਚਾਰ ਮੁਸ਼ਿਕਲਾਂ ਦੇ ਨਾਲ-ਨਾਲ ਅਸੰਭਵ ਵੀ ਜਾਪ ਰਿਹਾ ਹੈ।
ਅਜਿਹੇ ਹੀ ਵਿਰੋਧ ਦਾ ਸ਼ਿਕਾਰ ਹੋਏ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਉਸ ਸਮੇਂ ਹਿੰਮਤ ਹਾਰਦੇ ਹੋਏ ਨਜ਼ਰ ਆਏ ਜਦੋਂ ਉਹ ਸ਼ੁੱਕਰਵਾਰ ਨੂੰ ਮੋਗਾ ਦੇ ਪਿੰਡ ਦੌਲਤਪੁਰਾ ਪਹੁੰਚੇ। ਇੱਥੇ ਇੱਕ ਜਨ ਸਭਾ ਦੌਰਾਨ ਹੰਸ ਰਾਜ ਹੰਸ ਸੰਬੋਧਨ ਕਰਦੇ ਹੋਏ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਉਹਨ੍ਹਾਂ ਨੇ ਕਈ ਵਾਰ ਕਿਸਾਨਾਂ ਤੋਂ ਮੁਆਫੀ ਮੰਗੀ ਹੈ। ਮੁਆਫੀ ਮੰਗਣ ਦੇ ਬਾਵਜੂਦ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਚੋਣ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ ਅਤੇ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਉਹ 1 ਜੂਨ ਤੱਕ ਜਿਉਂਦੇ ਰਹੇ ਤਾਂ ਜਰੂਰ ਮਿਲਣਗੇ ਨਹੀਂ ਤਾਂ ਮੇਰੀ ਸੋਚ ਨੂੰ ਹਮੇਸ਼ਾਂ ਜ਼ਿੰਦਾ ਰੱਖਿਉ।
ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਵਿੱਚ ਉਹ ਕਹਿੰਦੇ ਹੋਏ ਨਜ਼ਰ ਆਏ ਸੀ ਕਿ ਇਨ੍ਹਾਂ (ਕਿਸਾਨਾਂ) ਨੇ ਛਿੱਤਰਾਂ ਤੋਂ ਬਿਨ੍ਹਾਂ ਬੰਦੇ ਨਹੀਂ ਬਣਨਾ। 1 ਜੂਨ (ਚੋਣਾਂ ਦੇ ਦਿਨ) ਤੋਂ ਬਾਅਦ ਦੱਸਾਂਗੇ ਕਿ ਕੋਣ ਖੱਬੀ ਖਾਂ ਬਣਦਾ ਹੈ ? ਹੰਸ ਰਾਜ ਹੰਸ ਦੇ ਇਨ੍ਹਾਂ ਬਿਆਨਾਂ ਦੀ ਵਿਰੋਧੀਆਂ ਵੱਲੋਂ ਕਾਫ਼ੀ ਆਲੋਚਨਾ ਕੀਤੀ ਗਈ। ਹਾਂਲਾਕਿ ਬਾਅਦ ’ਚ ਹੰਸ ਰਾਜ ਹੰਸ ਆਪਣੇ ਬਿਆਨਾਂ ਨੂੰ ਸਪੱਸ਼ਟ ਕਰਦੇ ਹੋਏ ਵੀ ਨਜ਼ਰ ਆਏ ਸੀ।