ਸਪੋਰਟਸ : ਦੇਸ਼ ‘ਚ ਤੇਜ਼ੀ ਨਾਲ ਫੈਲ ਰਹੇ ਗੈਰ-ਕਾਨੂੰਨੀ ਆਨਲਾਈਨ ਸੱਟੇਬਾਜ਼ੀ ਨੈੱਟਵਰਕ ਦੀ ਜਾਂਚ ਹੁਣ ਡੂੰਘੀ ਹੁੰਦੀ ਜਾ ਰਹੀ ਹੈ। ਹੁਣ ਨਾ ਸਿਰਫ਼ ਐਪਸ ਬਲਕਿ ਉਨ੍ਹਾਂ ਦੇ ਪ੍ਰਚਾਰ ਨਾਲ ਜੁੜੇ ਵੱਡੇ ਨਾਮ ਵੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਦਾਇਰੇ ‘ਚ ਆ ਗਏ ਹਨ। ਕ੍ਰਿਕਟ ਸਟਾਰ ਹਰਭਜਨ ਸਿੰਘ, ਯੁਵਰਾਜ ਸਿੰਘ, ਸੁਰੇਸ਼ ਰੈਨਾ ਤੇ ਫਿਲਮ ਇੰਡਸਟਰੀ ਤੋਂ ਉਰਵਸ਼ੀ ਰੌਤੇਲਾ ਅਤੇ ਸੋਨੂੰ ਸੂਦ – ਸਾਰਿਆਂ ਤੋਂ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕੀ ਉਨ੍ਹਾਂ ਨੇ ਪਾਬੰਦੀਸ਼ੁਦਾ ਸੱਟੇਬਾਜ਼ੀ ਪਲੇਟਫਾਰਮਾਂ ਦਾ ਪ੍ਰਚਾਰ ਕਰ ਕੇ ਕਾਨੂੰਨ ਦੀ ਉਲੰਘਣਾ ਕੀਤੀ?
ਈਡੀ ਦੀ ਤਾਜ਼ਾ ਜਾਂਚ ਰਿਪੋਰਟ ਦੇ ਅਨੁਸਾਰ ਪਾਬੰਦੀਸ਼ੁਦਾ ਆਨਲਾਈਨ ਸੱਟੇਬਾਜ਼ੀ ਐਪਸ – ਜਿਵੇਂ ਕਿ 1xBet – ਨੇ ਲੱਖਾਂ ਉਪਭੋਗਤਾਵਾਂ ਨੂੰ ਸਰੋਗੇਟ ਨਾਮਾਂ ਅਤੇ ਡਿਜੀਟਲ ਸਾਧਨਾਂ (ਵੈੱਬ ਲਿੰਕ, QR ਕੋਡ) ਰਾਹੀਂ ਗੈਰ-ਕਾਨੂੰਨੀ ਪਲੇਟਫਾਰਮਾਂ ਵੱਲ ਲੈ ਗਏ। ਇਸ ਸਮੇਂ ਦੌਰਾਨ ਉਨ੍ਹਾਂ ਨੇ ਆਪਣੇ ਪ੍ਰਚਾਰ ‘ਚ ਦੇਸ਼ ਦੇ ਜਾਣੇ-ਪਛਾਣੇ ਚਿਹਰਿਆਂ ਨੂੰ ਸ਼ਾਮਲ ਕੀਤਾ। ਦੱਸਿਆ ਗਿਆ ਕਿ ਇਨ੍ਹਾਂ ਪ੍ਰਚਾਰ ਮੁਹਿੰਮਾਂ ‘ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਸਨ।