ਆਕਲੈਂਡ- ਹਰ ਨਵੇਂ ਸਾਲ ਦੇ ਮੌਕੇ ਮਾਣਯੋਗ ਗਵਰਨਰ ਜਨਰਲ ਨਿਊਜ਼ੀਲੈਂਡ ਵੱਲੋਂ ਵੱਖ-ਵੱਖ ਸੇਵਾਵਾਂ ਲਈ ਸਨਮਾਨਾਂ ਦੀ ਘੋਸ਼ਣਾ ਕੀਤੀ ਜਾਂਦੀ ਹੈ। ਅੱਜ ਨਵੇਂ ਸਾਲ 2026 ਦੀ ਆਮਦ ਮੌਕੇ ‘ਨਿਊ ਯੀਅਰ ਆਨਰਜ਼ ਲਿਸਟ’ ਜਾਰੀ ਕੀਤੀ ਗਈ। ਇਸ ਮਾਣ-ਸਨਮਾਨ ਵਿਚ ‘ਕਿੰਗ’ਜ਼ ਸਰਵਿਸ ਮੈਡਲ’ (KSM) ਦੀ ਸੂਚੀ ਵੀ ਸ਼ਾਮਲ ਹੁੰਦੀ ਹੈ। ਇਹ ਉਨ੍ਹਾਂ ਵਿਅਕਤੀਆਂ ਨੂੰ ਸਨਮਾਨਿਤ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਹੈ ਜਿਨ੍ਹਾਂ ਨੇ ਆਪਣੇ ਭਾਈਚਾਰਿਆਂ, ਦੇਸ਼ ਜਾਂ ਵਿਸ਼ਵ ਪੱਧਰ ’ਤੇ ਅਸਾਧਾਰਨ ਸੇਵਾਵਾਂ, ਪ੍ਰਾਪਤੀਆਂ ਅਤੇ ਯੋਗਦਾਨ ਪਾਏ ਹਨ। ਇਹ ਸੂਚੀ ਸਿਰਫ਼ ਪ੍ਰਸਿੱਧ ਸ਼ਖਸੀਅਤਾਂ ਲਈ ਨਹੀਂ, ਸਗੋਂ ਉਨ੍ਹਾਂ ਅਣਥੱਕ ਕਾਮਿਆਂ ਲਈ ਵੀ ਹੈ ਜੋ ਚੁੱਪ-ਚਾਪ ਸਮਾਜ ਦੀ ਬਿਹਤਰੀ ਲਈ ਕੰਮ ਕਰਦੇ ਹਨ।
ਇਸ ਨਵੇਂ ਸਾਲ ਦੀ ਸੂਚੀ ਅੱਜ ਤੜਕੇ 5 ਵਜੇ ਜਾਰੀ ਕੀਤੀ ਗਈ। ਇਸ ਸੂਚੀ ਦੇ ਵਿਚ ਕੁਝ ਭਾਰਤੀਆਂ ਦੀ ਵੀ ‘ਕਿੰਗ’ਜ਼ ਸਰਵਿਸ ਮੈਡਲ’ ਦੀ ਚੋਣ ਕੀਤੀ ਗਈ। ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਇਸ ਵਾਰ ਪੰਜਾਬੀ ਮੀਡੀਆ ਕਰਮੀ ਹਰਜਿੰਦਰ ਸਿੰਘ ਬਸਿਆਲਾ, ਜੋ ਕਿ ਨਿਊਜ਼ੀਲੈਂਡ ਦੀ ਪਹਿਲੀ ਆਨਲਾਈਨ ਪੰਜਾਬੀ ਸਮਾਚਾਰ ਵੈਬਸਾਈਟ ‘ਪੰਜਾਬੀ ਹੈਰਲਡ’ ਦੇ ਸੰਪਾਦਕ ਹੋਣ ਦੇ ਨਾਲ-ਨਾਲ ਜਸਟਿਸ ਆਫ ਦਾ ਪੀਸ ਅਤੇ ਮੈਰਿਜ ਸੈਲੀਬ੍ਰਾਂਟ ਵੀ ਹਨ, ਨੂੰ ਇਸ ਸਨਮਾਨ ਸੂਚੀ ਦੇ ਵਿਚ ਸ਼ਾਮਿਲ ਕੀਤਾ ਗਿਆ ਹੈ। ਹਰਜਿੰਦਰ ਸਿੰਘ ਬਸਿਆਲਾ ਨੇ ਇਸ ਐਵਾਰਡ ਨੂੰ ਸਮੁੱਚੇ ਪੰਜਾਬੀ ਮੀਡੀਆ ਕਰਮੀਆਂ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਆਪਣਾ ਨਾਂ ਨਾਮਜ਼ਦ ਕਰਨ ਵਾਲੀਆਂ ਸੰਸਥਾਵਾਂ ਅਤੇ ਵਿਅਕਤੀਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਐਵਾਰਡ/ਮੈਡਲ ਦੀ ਸਿਫਾਰਸ਼ ਕੀਤੀ।
ਪ੍ਰਧਾਨ ਮੰਤਰੀ ਵੱਲੋਂ ਵਧਾਈ ਪੱਤਰ
ਇਸ ਮੌਕੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਲਕਸਨ ਨੇ ਵੀ ਹਰਜਿੰਦਰ ਸਿੰਘ ਬਸਿਆਲਾ ਨੂੰ ‘ਕਿੰਗ’ਜ਼ ਸਰਵਿਸ ਮੈਡਲ’ ਦੇ ਲਈ ਚੁਣੇ ਜਾਣ ‘ਤੇ ਵਧਾਈ ਪੱਤਰ ਭੇਜਿਆ ਹੈ।

