ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਸ਼ਨੀਵਾਰ ਨੂੰ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਅਮਰੀਕਾ ’ਚ ਇਕ ਪੰਜਾਬੀ ਟਰੱਕ ਡਰਾਈਵਰ ਕਾਰਨ ਹੋਏ ਹਾਦਸੇ ਕਾਰਨ ਸਾਰੇ ਟਰੱਕ ਡਰਾਈਵਰਾਂ ਦਾ ਵਰਕ ਪਰਮਿਟ ਰੱਦ ਕੀਤੇ ਜਾਣ ਦਾ ਮਾਮਲਾ ਅਮਰੀਕਾ ਕੋਲ ਉਠਾਉਣ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਦਾ ਪੰਜਾਬੀ ਪਰਿਵਾਰਾਂ ’ਤੇ ਬਹੁਤ ਡੂੰਘਾ ਅਸਰ ਪਵੇਗਾ, ਜੋ ਕਿ ਅਮਰੀਕਾ ਵਿਚ ਟਰੱਕ ਕਾਰੋਬਾਰ ਦੀ ਰੀੜ੍ਹ ਦੀ ਹੱਡੀ ਹਨ।
ਬਠਿੰਡਾ ਤੋਂ ਸੰਸਦ ਮੈਂਬਰ, ਜਿਨ੍ਹਾਂ ਨੇ ਇਸ ਮਾਮਲੇ ’ਤੇ ਵਿਦੇਸ਼ ਮੰਤਰਾਲੇ ਨੂੰ ਪੱਤਰ ਵੀ ਲਿਖਿਆ ਨੇ ਕਿਹਾ ਕਿ ਇਸ ਗੱਲ ਦਾ ਖਦਸ਼ਾ ਹੈ ਕਿ ਇਸ ਮਾਮਲੇ ’ਚ ਸਰਕਾਰ ਦੇ ਫੈਸਲੇ ਕਾਰਨ ਟਰੱਕ ਇੰਡਸਟਰੀ ’ਚ ਕੰਮ ਕਰਦੇ ਹਜ਼ਾਰਾਂ ਪੰਜਾਬੀਆਂ ਨੂੰ ਅਮਰੀਕਾ ਛੱਡਣਾ ਪੈ ਸਕਦਾ ਹੈ। ਪੰਜਾਬੀ ਅਤੇ ਸਿੱਖ ਡਰਾਈਵਰ ਅਮਰੀਕਾ ਦੀ ਟਰੱਕ ਇੰਡਸਟਰੀ ਦਾ 20 ਫੀਸਦੀ ਹਿੱਸਾ ਬਣਦੇ ਹਨ ਤੇ 1.5 ਲੱਖ ਸਿੱਖ ਡਰਾਈਵਰ ਅਮਰੀਕਾ ’ਚ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਖ਼ਿਲਾਫ਼ ਸਮੂਹਿਕ ਤੌਰ ’ਤੇ ਕੀਤੀ ਗਈ ਕੋਈ ਵੀ ਕਾਰਵਾਈ ਟਰੱਕ ਚਲਾਉਣ ਵਾਲੇ ਪਰਿਵਾਰਾਂ ’ਤੇ ਮਾਰੂ ਅਸਰ ਪਾਵੇਗੀ ਅਤੇ ਇਹ ਵਿਤਕਰੇ ਭਰਪੂਰ ਹੋਵੇਗੀ ਕਿਉਂਕਿ ਅਸਲੀਅਤ ਇਹ ਹੈ ਕਿ ਪੰਜਾਬੀਆਂ ਨੇ ਹੀ ਦਹਾਕਿਆਂ ਤੋਂ ਅਮਰੀਕਾ ’ਚ ਟਰੱਕ ਸਪਲਾਈ ਤੇ ਟਰੱਕ ਨੈੱਟਵਰਕ ਵਿਚ ਅਹਿਮ ਭੂਮਿਕਾ ਨਿਭਾਈ ਹੈ।