ਬੁੱਧਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਬੈਠਕ ਕੀਤੀ ਗਈ ਜਿਸ ਵਿੱਚ ਹਾਈ ਪਾਵਰ ਪਰਚੇਜ਼ ਕਮੇਟੀ ਦੀ ਮੀਟਿੰਗ ਵਿੱਚ ਕਈ ਵੱਡੇ ਅਹਿਮ ਫੈਸਲੇ ਲਏ ਗਏ। ਇਸ ਮੌਕੇ ਮੀਟਿੰਗ ਵਿੱਚ ਕੈਬਨਿਟ ਮੰਤਰੀ ਸ਼੍ਰੀ ਕੰਵਰ ਪਾਲ, ਸ਼੍ਰੀ ਮੂਲਚੰਦ ਸ਼ਰਮਾ, ਸ਼੍ਰੀ ਰਣਜੀਤ ਸਿੰਘ, ਸ਼੍ਰੀ ਜੇ.ਪੀ. ਦਲਾਲ, ਡਾ. ਬਨਵਾਰੀ ਲਾਲ, ਰਾਜ ਮੰਤਰੀ ਸ਼੍ਰੀਮਤੀ ਸੀਮਾ ਤ੍ਰਿਖਾ, ਸ਼੍ਰੀ ਮਹੀਪਾਲ ਢਾਂਡਾ ਅਤੇ ਸ਼੍ਰੀ ਅਸੀਮ ਗੋਇਲ ਨਨਿਆਉਲਾ ਵੀ ਮੌਜੂਦ ਰਹੇ।
ਇੰਨ੍ਹਾਂ ਫੈਸਲਿਆਂ ਵਿੱਚ ਮੁੱਖ ਮੰਤਰੀ ਨੇ ਸਭ ਤੋਂ ਪਹਿਲਾਂ ਵਿਦਿਆਰਥੀਆਂ ਦਾ ਸਿੱਖਿਆ ਪੱਧਰ ਉੱਚਾ ਚੁੱਕਣ ਲਈ ਸਕੂਲਾਂ ਲਈ ਵਿਸ਼ਸ਼ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵੱਚਨਬੱਧ ਹੈ। ਇਸ ਲਈ ਸਕੂਲਾਂ ਵਿੱਚ 30 ਕਰੋੜ ਦੀ ਲਾਗਤ ਨਾਲ ਵਿਗਿਆਨ ਦੀ ਸਿੱਖਿਆ ਨੂੰ ਪ੍ਰਫੁੱਲਤ ਕਰਨ ਦੇ ਮੰਤਵ ਨਾਲ ਜਲਦੀ ਹੀ ਸਾਇੰਸ ਸਟਰੀਮ ਦੇ 729 ਕਲੱਸਟਰ ਸਕੂਲਾਂ ਵਿੱਚ ਬਾਇਓਲੋਜੀ ਅਤੇ ਕੈਮਿਸਟਰੀ ਲੈਬਾਂ ਵਿੱਚ ਨਵੇਂ ਉਪਕਰਨ ਲਗਾਏ ਜਾਣਗੇ। ਇਸ ਦੇ ਨਾਲ ਹੀ ਜਨਰਲ ਸਾਇੰਸ ਲੈਬ ਲਈ ਕਰੀਬ 10 ਕਰੋੜ ਰੁਪਏ ਦੇ ਸਾਜ਼ੋ-ਸਾਮਾਨ ਦੀ ਖਰੀਦ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ 24 ਕਰੋੜ ਦੀ ਲਾਗਤ ਨਾਲ ਕਾਲਜਾਂ ਲਈ 3836 ਕੰਪਿਊਟਰ ਖਰੀਦਣ ਦੀ ਵੀ ਪ੍ਰਵਾਨਗੀ ਦਿੱਤੀ।
ਇਸ ਤਰ੍ਹਾਂ ਸੂਬੇ ਦੇ ਮੁੱਖ ਮੰਤਰੀ ਨੇ ਵੱਖ-ਵੱਖ ਮਹਿਕਮਿਆਂ ਦਾ ਮਿਆਰ ਪੱਧਰ ਉੱਚਾ ਚੁੱਕਣ ਲਈ ਕਈ ਪ੍ਰਾਜੈਕਟਾਂ ਨੂੰ ਹਰੀ ਝੰਡੀ ਦਿੱਤੀ। ਜਿੰਨ੍ਹਾਂ ਵਿੱਚ 1500 ਕਰੋੜ ਰੁਪਏ ਦੇ ਵੱਖ-ਵੱਖ ਵਸਤੂਆਂ ਦੇ ਕੁੱਲ ਠੇਕਿਆਂ ਅਤੇ ਖਰੀਦ ਦੀ ਮੰਜ਼ੂਰੀ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਵੱਲੋਂ ਪਸ਼ੂਆਂ ਲਈ ਦਵਾਈਆਂ ਖਰੀਦਣ, 290 ਕਰੋੜ ਦੀ ਲਾਗਤ ਨਾਲ ਵੱਖ-ਵੱਖ 20 ਟਰਾਂਸਫਾਰਮਰ ਅਤੇ ਹੋਰ ਸਾਜੋ-ਸਮਾਨ, ਅਤੇ ਪਿੰਡਾਂ ਵਿੱਚ 50 ਕਰੋੜ ਦੀ ਲਾਗਤ ਨਾਲ 468 ਇਨਡੋਰ ਜਿੰਮ ਸਥਾਪਿਤ ਕਰਨ ਲਈ ਸਾਜ਼ੋ-ਸਾਮਾਨ ਦੀ ਖਰੀਦ ਨੂੰ ਪ੍ਰਵਾਨਗੀ ਦਿੱਤੀ ਗਈ।
ਇਸੇ ਤਰ੍ਹਾਂ ਮੁੱਖ ਮੰਤਰੀ ਪੁਲਿਸ ਵਿਭਾਗ ਲਈ ਵੀ ਵਿਸ਼ੇਸ਼ ਐਲਾਨ ਕਰਦੇ ਹੋਏ 8 ਜਲ ਤੋਪਾਂ, 9 ਵਜਰਾ ਵਾਹਨ, 14 ਟਰੱਕ, 3 ਬੁਲੇਟ ਪਰੂਫ ਵਾਹਨ ਖਰੀਦਣ ਦੀ ਵੀ ਪ੍ਰਵਾਨਗੀ ਦਿੱਤੀ।