ਦਿੱਲੀ ਵਿੱਚ ਪਾਣੀ ਦਾ ਸੰਕਟ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ। ਜਿਸ ਨੂੰ ਲੈ ਕੇ ਦਿੱਲੀ ਅਤੇ ਹਰਿਆਣਾ ਵਿਚਾਲੇ ਸਿਆਸਤ ਗਰਮਾਉਂਦੀ ਨਜ਼ਰ ਆ ਰਹੀ ਹੈ। ਇੱਕ ਪਾਸੇ ਦਿੱਲੀ ਹਰਿਆਣਾ ’ਤੇ ਇਲਜ਼ਾਮ ਲਗਾ ਰਹੀ ਹੈ ਕਿ ਹਰਿਆਣਾ ਦਿੱਲੀ ਨੂੰ ਉਸ ਦੇ ਹਿੱਸੇ ਦਾ ਪਾਣੀ ਨਹੀਂ ਦੇ ਰਿਹਾ। ਤਾਂ ਦੂਜੇ ਪਾਸੇ ਹਰਿਆਣਾ ਨੇ ਇਹਨਾਂ ਇਲਜ਼ਾਮਾਂ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਹੈ ਕਿ ਦਿੱਲੀ ਪਾਣੀ ਦੇ ਨਾਂਅ ’ਤੇ ਰਾਜਨੀਤੀ ਕਰ ਰਿਹਾ ਹੈ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਦਿੱਲੀ ਤੋਂ ਜਲ ਮੰਤਰੀ ਆਤਿਸ਼ੀ ਨੇ ਇੱਕ ਵਾਰ ਸ਼ਨੀਵਾਰ ਨੂੰ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਹਰਿਆਣਾ ਸਰਕਾਰ ’ਤੇ ਪਾਣੀ ਰੋਕਣ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਪਿਛਲੇ 5 ਦਿਨਾਂ ਤੋਂ ਦਿੱਲੀ ’ਚ ਪਾਣੀ ਦੀ ਮਾਤਰਾ ਲਗਾਤਾਰ ਘਟਦੀ ਜਾ ਰਹੀ ਹੈ। ਸੁਪਰੀਮ ਕੋਰਟ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਯਤਨਸ਼ੀਲ ਹੈ। ਹਿਮਾਚਲ ਪ੍ਰਦੇਸ਼ ਪਾਣੀ ਦੇਣ ਲਈ ਤਿਆਰ ਹੈ ਪਰ ਹਰਿਆਣਾ ਪਾਣੀ ਨੂੰ ਰੋਕ ਰਿਹਾ ਹੈ।
ਰਾਜ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਆਤਿਸ਼ੀ ਨੇ ਸਵਾਲ ਖੜੇ ਕਰਦੇ ਕਿਹਾ ਕਿ ਜੇਕਰ ਹਰਿਆਣਾ ਤੋਂ 1050 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਘੱਟੋ-ਘੱਟ 1000 ਕਿਊਸਿਕ ਪਾਣੀ ਤਾਂ ਪਹੁੰਚੇਗਾ? ਪਰ ਪਿਛਲੇ ਦਿਨਾਂ ਵਿੱਚ ਪਾਣੀ ਦਾ ਪੱਧਰ 1 ਜੂਨ ਨੂੰ 924 ਕਿਊਸਿਕ ਅਤੇ 2 ਜੂਨ ਨੂੰ ਸਿਰਫ਼ 848 ਕਿਊਸਿਕ ਤੱਕ ਘੱਟ ਰਿਹਾ ਸੀ। ਆਤਿਸ਼ੀ ਨੇ ਅੱਗੇ ਕਿਹਾ ਕਿ ਪਾਣੀ ਨੂੰ ਲੈ ਕੇ ਦਿੱਲੀ ਵਿੱਚ ਪੂਰੀ ਤਰ੍ਹਾਂ ਹਾਹਾਕਾਰ ਮੱਚੀ ਹੋਈ ਹੈ। ਜੇਕਰ ਜਲਦੀ ਦਿੱਲੀ ’ਚ ਪਾਣੀ ਨਾ ਪੂਰਾ ਕੀਤਾ ਗਿਆ ਤਾਂ ਪੂਰੀ ਦਿੱਲੀ ਵਿੱਚ ਹਫੜਾ-ਦਫੜੀ ਮਚ ਜਾਵੇਗੀ।