ਅੰਬਾਲਾ: ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ। ਇਸੇ ਤਹਿਤ ਅੱਜ 101 ਕਿਸਾਨਾਂ ਦਾ ਜੱਥਾ ਦਿੱਲੀ ਲਈ ਰਵਾਨਾ ਹੋਵੇਗਾ। ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਵੱਲੋਂ ਅੰਬਾਲਾ ਵਿਚ 4 ਦਿਨ ਲਈ ਇੰਟਰਨੈੱਟ ਬੰਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਜਾਰੀ ਹੁਕਮ ਮੁਤਾਬਕ ਅੰਬਾਲਾ ਦੇ ਕੁਝ ਇਲਾਕਿਆਂ ਵਿਚ 14 ਦਸੰਬਰ ਸਵੇਰੇ ਤੋਂ 17 ਦਸੰਬਰ ਤਕ ਇੰਟਰਨੈੱਟ ਬੰਦ ਰਹੇਗਾ।
ਦੱਸ ਦਈਏ ਕਿ ਕਿਸਾਨਾਂ ਵੱਲੋਂ MSP ਗਾਰੰਟੀ ਕਾਨੂੰਨ, ਕਰਜ਼ਾ ਮੁਆਫ਼ੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ। ਦੂਜੇ ਪਾਸੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨ ਪਿਛਲੇ ਲੰਮੇ ਸਮੇਂ ਤੋਂ ਪੰਜਾਬ-ਹਰਿਆਣਾ ਦੀ ਸ਼ੰਭੂ ਸਰਹੱਦ ‘ਤੇ ਡਟੇ ਹੋਏ ਹਨ। ਪਿਛਲੇ ਕੁਝ ਦਿਨਾਂ ਵਿਚ ਕਿਸਾਨਾਂ ਵੱਲੋਂ 2 ਵਾਰ 101 ਕਿਸਾਨਾਂ ਦੇ ਜੱਥੇ ਵੱਲੋਂ ਪੈਦਲ ਹੀ ਦਿੱਲੀ ਵੱਲ ਜਾਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ, ਪਰ ਹਰਿਆਣਾ ਵੱਲੋਂ ਉਨ੍ਹਾਂ ਨੂੰ ਮਲਟੀ ਲੇਅਰ ਬੈਰੀਕੇਡਿੰਗ ਤੇ ਅੱਥਰੂ ਗੈਸ ਸਮੇਤ ਹੋਰ ਤਰੀਕੇ ਅਪਨਾ ਕੇ ਰੋਕ ਕੇ ਰੱਖਿਆ ਗਿਆ ਹੈ। ਕਿਸਾਨਾਂ ਵੱਲੋਂ ਅੱਜ ਵੀ 101 ਕਿਸਾਨਾਂ ਦਾ ਜਥਾ ਦਿੱਲੀ ਭੇਜਣ ਦਾ ਐਲਾਨ ਕੀਤਾ ਗਿਆ ਹੈ।