Wednesday, April 16, 2025

Become a member

Get the best offers and updates relating to Liberty Case News.

― Advertisement ―

spot_img
spot_img
HomePunjab ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਹੈਂਡਹੈਲਡ ਐਕਸ-ਰੇ ਮਸ਼ੀਨਾਂ ਅਤੇ ਫਲੋਰੋਸੈਂਟ ਮਾਈਕ੍ਰੋਸਕੋਪ...

 ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਹੈਂਡਹੈਲਡ ਐਕਸ-ਰੇ ਮਸ਼ੀਨਾਂ ਅਤੇ ਫਲੋਰੋਸੈਂਟ ਮਾਈਕ੍ਰੋਸਕੋਪ ਨਾਲ ਲੈਸ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

 

ਚੰਡੀਗੜ੍ਹ, 15 ਅਪ੍ਰੈਲ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਤਪਦਿਕ (ਟੀ.ਬੀ.) ਦੇ ਖਾਤਮੇ ਦੇ ਟੀਚੇ ਵੱਲ ਅਹਿਮ ਕਦਮ ਚੁੱਕਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟੋਰੇਟ ਤੋਂ ਹੈਂਡਹੈਲਡ ਐਕਸ-ਰੇ ਮਸ਼ੀਨ ਅਤੇ ਫਲੋਰੋਸੈਂਟ ਮਾਈਕ੍ਰੋਸਕੋਪ ਨਾਲ ਲੈਸ ਅਤਿ ਆਧੁਨਿਕ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਜ਼ਿਕਰਯੋਗ ਹੈ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈਓਸੀਐਲ) ਨੇ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਪਹਿਲਕਦਮੀ ਤਹਿਤ, ਪੀਪਲ-ਟੂ-ਪੀਪਲ ਹੈਲਥ ਫਾਊਂਡੇਸ਼ਨ ਦੇ ਸਹਿਯੋਗ ਨਾਲ ਪੰਜਾਬ ਦੇ ਸਿਹਤ ਵਿਭਾਗ ਨੂੰ ਦੋ ਹੈਂਡਹੈਲਡ ਐਕਸ-ਰੇ ਮਸ਼ੀਨਾਂ ਅਤੇ ਦੋ ਫਲੋਰੋਸੈਂਟ ਮਾਈਕ੍ਰੋਸਕੋਪ ਦਾਨ ਕੀਤੇ ਹਨ।

ਆਈਓਸੀਐਲ ਦਾ ਧੰਨਵਾਦ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਮਸ਼ੀਨਾਂ ਸੰਗਰੂਰ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਵਿੱਚ ਡਾਇਗਨੌਸਟਿਕ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਕਰਨਗੀਆਂ।

ਬਿਮਾਰੀ ਦਾ ਜਲਦ ਪਤਾ ਲਗਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਕੀਤੇ ਗਏ 2020-21 ਦੇ ਸਰਵੇਖਣ ਵਿੱਚ 2.8:1 ਦਾ ਪ੍ਰੀਵਲੈਂਸ-ਨੋਟੀਫੀਕੇਸ਼ਨ ਅਨੁਪਾਤ ਸਾਹਮਣੇ ਆਇਆ, ਜੋ ਕਿ ਸਕ੍ਰੀਨਿੰਗ ਕੋਸ਼ਿਸ਼ਾਂ ਵਿੱਚ ਵਾਧਾ ਕਰਨ ਦੀ ਜ਼ਰੂਰਤ ਨੂੰ ਦਰਸਾਉਂਦਾ ਹੈ। ਜ਼ਿਕਰਯੋਗ ਹੈ ਕਿ ਸਰਵੇਖਣ ਵਿੱਚ ਇਹ ਵੀ ਪਾਇਆ ਗਿਆ ਕਿ 40 ਫੀਸਦ ਤੋਂ ਵੱਧ ਨੋਟੀਫਾਈ ਕੇਸ ਬਿਨਾਂ ਲੱਛਣਾਂ ਵਾਲੇ ਸਨ ਅਤੇ ਇਹਨਾਂ ਦਾ ਪਤਾ ਐਕਸ-ਰੇ ਰਾਹੀਂ ਲਗਾਇਆ ਗਿਆ ਸੀ, ਜੋ ਇਸ ਡਾਇਗਨੌਸਟਿਕ ਸਾਧਨ ਦੀ ਅਹਿਮ ਭੂਮਿਕਾ ਨੂੰ ਉਜਾਗਰ ਕਰਦੇ ਹਨ।

ਸੇਵਾਵਾਂ ਤੋਂ ਵੰਚਿਤ ਆਬਾਦੀ ਤੱਕ ਪੁਰਾਣੀਆਂ ਸਥਿਰ ਐਕਸ-ਰੇ ਮਸ਼ੀਨਾਂ ਦੀ ਸੀਮਤ ਪਹੁੰਚ ਨੂੰ ਵੇਖਦਿਆਂ ਪੰਜਾਬ ਵੱਲੋਂ ਹੈਂਡਹੈਲਡ ਐਕਸ-ਰੇ ਤਕਨਾਲੋਜੀ ਵਰਗੇ ਨਵੀਨਤਾਕਾਰੀ ਹੱਲ ਅਪਣਾਏ ਗਏ ਹਨ।

ਇਨ੍ਹਾਂ ਮਸ਼ੀਨਾਂ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਘੱਟ ਭਾਰ ਵਾਲੀਆਂ ਤੇ ਆਕਾਰ ਵਿੱਚ ਛੋਟੀਆਂ ਇਹ ਮਸ਼ੀਨਾਂ ਹਾਲ ਹੀ ਵਿੱਚ 100 ਦਿਨਾਂ ਦੀ ਟੀਬੀ ਮੁਹਿੰਮ ਦੌਰਾਨ ਬਹੁਤ ਪ੍ਰਭਾਵਸ਼ਾਲੀ ਸਾਬਤ ਹੋਈਆਂ। ਇਹਨਾਂ ਮਸ਼ੀਨਾਂ ਨਾਲ ਖੇਤਰ ਵਿੱਚ ਲਗਭਗ 1.49 ਲੱਖ ਐਕਸ-ਰੇ ਕੀਤੇ ਗਏ। ਆਈਓਸੀਐਲ ਦੁਆਰਾ ਮੁਹੱਈਆ ਕਰਵਾਏ ਗਏ ਦੋ ਫਲੋਰੋਸੈਂਟ ਮਾਈਕ੍ਰੋਸਕੋਪ ਦੇ ਨਾਲ-ਨਾਲ ਇਨ੍ਹਾਂ ਦੋ ਨਵੀਆਂ ਹੈਂਡਹੈਲਡ ਯੂਨਿਟਾਂ ਨਾਲ ਸੰਗਰੂਰ ਅਤੇ ਮਾਲੇਰਕੋਟਲਾ ਵਿੱਚ ਸਿਹਤ ਸੰਭਾਲ ਕਰਮਚਾਰੀਆਂ ਨੂੰ ਵਿਆਪਕ ਜਾਂਚ ਕਰਨ ਅਤੇ ਸੰਵੇਦਨਸ਼ੀਲ ਭਾਈਚਾਰਿਆਂ ਵਿੱਚ ਟੀ.ਬੀ. ਦੇ ਰੋਗ ਦਾ ਸਮੇਂ ਸਿਰ ਪਤਾ ਲਗਾਉਣ ਤੇ ਉਹਨਾਂ ਦਾ ਇਲਾਜ ਸ਼ੁਰੂ ਕਰਨ ਦੀ ਵੀ ਸਹੂਲਤ ਮਿਲੇਗੀ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ‘ਚੋਂ ਟੀਬੀ ਦੇ ਖਾਤਮੇ ਦੇ ਮਿਸ਼ਨ ਲਈ ਇਹਨਾਂ ਮਸ਼ੀਨਾਂ ਨੂੰ ਹਰੀ ਝੰਡੀ ਦਿਖਾਉਂਦਿਆਂ ਆਈਓਸੀਐਲ ਅਤੇ ਪੀਪਲ-ਟੂ-ਪੀਪਲ ਹੈਲਥ ਫਾਊਂਡੇਸ਼ਨ ਦਾ ਉਨ੍ਹਾਂ ਦੇ ਵੱਡਮੁਲੇ ਸਮਰਥਨ ਲਈ ਧੰਨਵਾਦ ਕੀਤਾ। ਇਹ ਹੈਂਡਹੈਲਡ ਐਕਸ-ਰੇ ਮਸ਼ੀਨਾਂ ਟੀਬੀ ਜਾਂਚ ਸਮਰੱਥਾ ਵਿੱਚ ਮਹੱਤਵਪੂਰਨ ਵਾਧੇ ਨੂੰ ਦਰਸਾਉਂਦੀਆਂ ਹਨ। ਘੱਟ ਭਾਰ ਹੋਣ ਕਰਕੇ ਇਨ੍ਹਾਂ ਮਸ਼ੀਨਾਂ ਨੂੰ ਦੂਰ-ਦੁਰਾਡੇ ਦੇ ਖੇਤਰਾਂ, ਫੈਕਟਰੀਆਂ ਵਰਗੀਆਂ ਕੰਮਕਾਜ ਵਾਲੀਆਂ ਥਾਵਾਂ ਦੇ ਨਾਲ-ਨਾਲ ਬਿਰਧ ਆਸ਼ਰਮਾਂ, ਅਨਾਥ ਆਸ਼ਰਮ ਆਦਿ ਵਰਗੀਆਂ ਸੰਸਥਾਵਾਂ ਤੱਕ ਪਹੁੰਚਾਉਣਾ ਸੌਖਾ ਹੋ ਜਾਂਦਾ ਹੈ। ਇਸ ਤਰ੍ਹਾਂ ਇਹਨਾਂ ਮਸ਼ੀਨਾਂ ਦੀ ਸਹਾਇਤਾ ਨਾਲ ਟੀਬੀ ਦੇ ਕੇਸਾਂ ਦਾ ਜਲਦ ਪਤਾ ਲਗਾਇਆ ਜਾ ਸਕਦਾ ਹੈ, ਜਿਸ ਨਾਲ ਬਿਹਤਰ ਇਲਾਜ ਮੁਹੱਈਆ ਕਰਵਾ ਕੇ ਸਮੇਂ ਸਿਰ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।

ਸਿਹਤ ਮੰਤਰੀ ਨੇ ਟੀਬੀ ਸੰਕਟ ਨਾਲ ਨਜਿੱਠਣ ਲਈ ਜਨਤਕ-ਨਿੱਜੀ ਭਾਈਵਾਲੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਇਸ ਮਹੱਤਵਪੂਰਨ ਜਨਤਕ ਸਿਹਤ ਮੁੱਦੇ ਪ੍ਰਤੀ ਆਈਓਸੀਐਲ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਨ੍ਹਾਂ ਨਵੇਂ ਸਰੋਤਾਂ ਦੀ ਵਰਤੋਂ ਸੰਗਰੂਰ ਅਤੇ ਮਾਲੇਰਕੋਟਲਾ ਵਿੱਚ ਵੱਡੀ ਆਬਾਦੀ ਦੀ ਪ੍ਰਭਾਵਸ਼ਾਲੀ ਢੰਗ ਨਾਲ ਜਾਂਚ ਕਰਨ ਲਈ ਕੀਤੀ ਜਾਵੇਗੀ, ਜਿਸ ਨਾਲ ਸੂਬਾ ਆਪਣੇ ਟੀਬੀ ਖਾਤਮੇ ਦੇ ਟੀਚੇ ਨੂੰ ਹੋਰ ਆਸਾਨੀ ਨਾਲ ਮੁਕੰਮਲ ਕਰ ਸਕੇਗਾ। ਸਿਹਤ ਮੰਤਰੀ ਨੇ ਡਬਲਯੂਐਚਓ ਦੁਆਰਾ ਸਿਫ਼ਾਰਸ਼ ਕੀਤੇ ਅਨੁਸਾਰ, ਐਕਸ-ਰੇ ਡਾਇਗਨੌਸਟਿਕਸ ਨੂੰ ਵਧਾਉਣ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਮਰੱਥਾ ਨੂੰ ਵੀ ਮਾਨਤਾ ਦਿੱਤੀ ਤਾਂ ਜੋ ਜਲਦ ਅਤੇ ਵਧੇਰੇ ਸਹੀ ਨਤੀਜੇ ਪ੍ਰਾਪਤ ਕੀਤੇ ਜਾ ਸਕਣ।

ਇਸ ਮੌਕੇ ਐਮਡੀ ਐਨਐਚਐਮ ਘਣਸ਼ਿਆਮ ਥੋਰੀ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ, ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਜਸਮਿੰਦਰ, ਡਾਇਰੈਕਟਰ (ਈਐਸਆਈ) ਡਾ. ਜਸਪ੍ਰੀਤ ਕੌਰ ਅਤੇ ਸਟੇਟ ਟੀਬੀ ਅਫਸਰ ਡਾ. ਰਾਜੇਸ਼ ਭਾਸਕਰ ਵੀ ਮੌਜੂਦ ਸਨ।