ਲੁਧਿਆਣਾ : ਲੁਧਿਆਣਾ ਤੋਂ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 2 ਨੌਜਵਾਨ ਇਕ ਕੁੜੀ ਦੀ ਲਾਸ਼ ਨੂੰ ਬੋਰੇ ਵਿਚ ਪਾ ਕੇ ਮੇਨ ਚੌਕ ਵਿਚ ਸੜਕ ਕਿਨਾਰੇ ਸੁੱਟ ਗਏ। ਮੌਕੇ ‘ਤੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਰੋਕ ਕੇ ਉੱਥੇ ਬੋਰਾ ਨਾ ਸੁੱਟਣ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਇਸ ਵਿਚ ਅੰਬ ਹਨ। ਜਦੋਂ ਲੋਕਾਂ ਨੇ ਵਿਚੋਂ ਬਦਬੂ ਆਉਣ ‘ਤੇ ਪੁਲਸ ਨੂੰ ਸੂਚਨਾ ਦਿੱਤੀ ਤਾਂ ਵਿਚੋਂ ਇਕ ਕੁੜੀ ਦੀ ਲਾਸ਼ ਬਰਾਮਦ ਹੋਈ।
ਜਾਣਕਾਰੀ ਮੁਤਾਬਕ ਅੱਜ ਸਵੇਰੇ 9 ਵਜੇ ਦੇ ਕਰੀਬ ਆਰਤੀ ਚੌਕ ਦੇ ਨੇੜੇ ਇਕ ਮੋਟਰਸਾਈਕਲ ‘ਤੇ 2 ਨੌਜਵਾਨ ਸਵਾਰ ਹੋ ਕੇ ਆਏ। ਉਨ੍ਹਾਂ ਨੇ ਮੋਟਰਸਾਈਕਲ ‘ਤੇ ਇਕ ਬੋਰਾ ਰੱਖਿਆ ਹੋਇਆ ਸੀ। ਉਨ੍ਹਾਂ ਨੇ ਮੇਨ ਚੌਕ ਵਿਚ ਹੀ ਬੋਰੇ ਨੂੰ ਸੜਕ ਕਿਨਾਰੇ ਸੁੱਟ ਦਿੱਤਾ। ਉੱਥੇ ਮੌਜੂਦ ਅਮਰਜੀਤ ਨਾਂ ਦੇ ਵਿਅਕਤੀ ਨੇ ਉਨ੍ਹਾਂ ਨੂੰ ਬੋਰਾ ਉੱਥੇ ਨਾ ਸੁੱਟਣ ਲਈ ਕਿਹਾ ਤਾਂ ਨੌਜਵਾਨਾਂ ਨੇ ਕਿਹਾ ਕਿ ਬੋਰੇ ਵਿਚ ਅੰਬ ਹਨ। ਉਕਤ ਨੌਜਵਾਨਾਂ ਦੀ ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਵੀਡੀਓ ਵੀ ਬਣਾ ਲਈ ਗਈ। ਉਨ੍ਹਾਂ ਨੇ ਨੌਜਵਾਨਾਂ ਦੇ ਮੋਟਰਸਾਈਕਲ ਦੀ ਚਾਬੀ ਕੱਢ ਲਈ ਤੇ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ, ਪਰ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਨੌਜਵਾਨ ਬੜੀ ਚਾਲਾਕੀ ਦੇ ਨਾਲ ਫ਼ੋਨ ‘ਤੇ ਗੱਲ ਕਰਨ ਦੇ ਬਹਾਨੇ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਗਏ।