ਕੋਟਕਪੂਰਾ – ਸਥਾਨਕ ਮੋਗਾ ਰੋਡ ‘ਤੇ ਪਿੰਡ ਪੰਜਗਰਾਈਂ ਕਲਾਂ ਨੇੜੇ ਅੱਜ ਸਵੇਰੇ ਕਰੀਬ ਸਾਢੇ 5 ਵਜੇ ਪੀ.ਆਰ.ਟੀ.ਸੀ ਬੱਸ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਦੋਸਤਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਵੰਸ਼, ਲਵ ਅਤੇ ਹੈਪੀ ਵਜੋਂ ਹੋਈ ਹੈ, ਜੋ ਬਾਘਾ ਪੁਰਾਣਾ (ਮੋਗਾ) ਦੇ ਰਹਿਣ ਵਾਲੇ ਹਨ ਅਤੇ ਘਟਨਾ ਸਮੇਂ ਉਹ ਬਾਘਾ ਪੁਰਾਣਾ ਤੋਂ ਕੋਟਕਪੂਰਾ ਵੱਲ ਆ ਰਹੇ ਸਨ।
ਪੁਲਸ ਨੇ ਦੱਸਿਆ ਕਿ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਤੀਜੇ ਨੌਜਵਾਨ ਦੀ ਹਸਪਤਾਲ ਵਿੱਚ ਮੌਤ ਹੋ ਗਈ। ਪੰਜਗਰਾਈ ਕਲਾਂ ਪੁਲਸ ਚੌਕੀ ਇੰਚਾਰਜ ਨਵਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਉਨ੍ਹਾਂ ਨੂੰ ਪੋਸਟਮਾਰਟਮ ਲਈ ਫਰੀਦਕੋਟ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਬਿਆਨ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।