ਜਲੰਧਰ – ਪੰਜਾਬ ਵਿਚ ਅੱਜ ਸਵੇਰ ਤੋਂ ਕਈ ਜ਼ਿਲ੍ਹਿਆਂ ਵਿਚ ਭਾਰੀ ਬਾਰਿਸ਼ ਹੋ ਰਹੀ ਹੈ। ਮਾਨਸੂਨ ਦੇ ਅੱਜ ਪਏ ਕੁਝ ਘੰਟਿਆਂ ਦੇ ਮੀਂਹ ਨੇ ਜਲੰਧਰ ਸ਼ਹਿਰ ਨੂੰ ਪੂਰੀ ਤਰ੍ਹਾਂ ਡੋਬ ਕੇ ਰੱਖ ਦਿੱਤਾ। ਹਾਲਾਤ ਇਹ ਰਹੇ ਕਿ ਸ਼ਹਿਰ ਦੀ ਕੋਈ ਵੀ ਸੜਕ ਅਜਿਹੀ ਨਹੀਂ ਸੀ, ਜਿੱਥੇ ਮੀਂਹ ਦਾ ਪਾਣੀ ਜਮ੍ਹਾ ਨਾ ਹੋਇਆ ਹੋਵੇ। ਅਰਬਨ ਅਸਟੇਟ ਵਰਗੀਆਂ ਪਾਸ਼ ਕਾਲੋਨੀਆਂ ਵੀ ਪਾਣੀ ਵਿਚ ਡੁੱਬੀਆਂ ਰਹੀਆਂ। ਭਾਰੀ ਮੀਂਹ ਕਾਰਨ ਕੰਮਾਂ ‘ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਮੀਂਹ ਦੌਰਾਨ ਸ਼ਹਿਰ ਦੀਆਂ ਸਾਰੀਆਂ ਸੜਕਾਂ ’ਤੇ ਕਈ-ਕਈ ਫੁੱਟ ਪਾਣੀ ਜਮ੍ਹਾ ਰਿਹਾ। ਪਾਣੀ ਜਮ੍ਹਾ ਹੋਣ ਕਾਰਨ ਆਮ ਲੋਕ ਬੁਰੀ ਤਰ੍ਹਾਂ ਪ੍ਰੇਸ਼ਾਨ ਹੋਏ ਅਤੇ ਕਈ ਥਾਵਾਂ ’ਤੇ ਹਾਦਸੇ ਵੀ ਵਾਪਰੇ। ਜਗ੍ਹਾ-ਜਗ੍ਹਾ ਪਾਣੀ ਜਮ੍ਹਾ ਹੋਣ ਤੋਂ ਇਹ ਸਪੱਸ਼ਟ ਹੋ ਗਿਆ ਕਿ ਨਗਰ ਨਿਗਮ ਨੇ ਬਰਸਾਤ ਦੇ ਮੌਸਮ ਲਈ ਕੋਈ ਖ਼ਾਸ ਤਿਆਰੀ ਨਹੀਂ ਕੀਤੀ ਸੀ। ਸੜਕਾਂ ਤੋਂ ਪਾਣੀ ਕੱਢਣ ਵਿਚ ਕਈ ਘੰਟੇ ਲੱਗ ਗਏ। ਖ਼ਾਸ ਕਰਕੇ ਉਹ ਇਲਾਕੇ ਸਭ ਤੋਂ ਵੱਧ ਪ੍ਰਭਾਵਿਤ ਹੋਏ, ਜਿੱਥੇ ਸਰਫੇਸ ਵਾਟਰ ਪ੍ਰਾਜੈਕਟ ਤਹਿਤ ਸੜਕਾਂ ਨੂੰ ਪੁੱਟਿਆ ਗਿਆ ਸੀ। ਉਥੇ ਚਿੱਕੜ ਅਤੇ ਟੁੱਟੀਆਂ ਸੜਕਾਂ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ।