ਚੰਡੀਗੜ੍ਹ ਸਣੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਇਸ ਸਮੇਂ ਭਾਰੀ ਬਾਰਸ਼ ਹੋ ਰਿਹਾ ਹੈ। ਇਕਦਮ ਬਦਲੇ ਮੌਸਮ ਨੇ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਮੌਸਮ ਵਿਗਿਆਨੀਆਂ ਨੇ ਪੰਜਾਬ ਵਿਚ 17 ਤੋਂ 19 ਜੁਲਾਈ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਰਾਜਧਾਨੀ ਚੰਡੀਗੜ੍ਹ ਤੇ ਮੁਹਾਲੀ ਵਿਚ ਸਵੇਰ ਤੋਂ ਬੱਦਲਵਾਈ ਰਹੀ।
ਇਹ ਮੀਂਹ ਚੰਡੀਗੜ੍ਹ, ਮੁਹਾਲੀ ਤੋਂ ਹੁੰਦਾ ਹੋਇਆ ਰੋਪੜ, ਪਟਿਆਲਾ ਤੇ ਫ਼ਤਹਿਗੜ੍ਹ ਸਾਹਿਬ ਦੇ ਕੁਝ ਇਲਾਕਿਆਂ ਵਿਚ ਪਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਧਾਨੀ ਚੰਡੀਗੜ੍ਹ ਵਿੱਚ ਡੇਢ ਘੰਟੇ ਵਿੱਚ 41 ਐੱਮਐੱਮ ਮੀਂਹ ਪਿਆ। ਇਸੇ ਤਰ੍ਹਾਂ ਮੁਹਾਲੀ ਵਿੱਚ 7 ਐੱਮਐੱਮ, ਰੂਪਨਗਰ ਵਿੱਚ 8.5 ਅਤੇ ਪਟਿਆਲਾ ਵਿੱਚ 32.5 ਐੱਮਐੱਮ ਮੀਂਹ ਪਿਆ।
ਭਾਰਤੀ ਮੌਸਮ ਵਿਭਾਗ (IMD) ਨੇ ਬੁੱਧਵਾਰ ਨੂੰ ਮਾਨਸੂਨ ਦੀ ਬਾਰਸ਼ ਲਈ ਇੱਕ ਅਪਡੇਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਦਿੱਲੀ-ਐਨਸੀਆਰ ਸਮੇਤ ਬਿਹਾਰ ਅਤੇ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿੱਚ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।