ਦੇਸ਼ ਦੇ ਕਈ ਸੂਬਿਆਂ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਅਚਾਨਕ ਆਏ ਹੜ੍ਹ ਅਤੇ ਮਲਬੇ ਨਾਲ ਵੱਡੇ-ਵੱਡੇ ਪੱਥਰ ਵਹਿ ਆਏ, ਜਿਸ ਕਾਰਨ ਕਈ ਘਰ, ਦੁਕਾਨਾਂ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ।
ਮਹਾਰਾਸ਼ਟਰ ਦੇ ਮੁੰਬਈ, ਪੁਣੇ ਅਤੇ ਨਾਸਿਕ ਵਿੱਚ ਵੀ ਭਾਰੀ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਪੁਣੇ ਦੇ ਖੜਕਵਾਸਲਾ ਡੈਮ ਤੋਂ ਵੱਡੀ ਮਾਤਰਾ ਵਿੱਚ ਪਾਣੀ ਛੱਡਣ ਮਗਰੋਂ ਮੁਠਾ ਦਰਿਆ ਦੇ ਕਿਨਾਰੇ ਵੱਸਦੇ ਇਲਾਕਿਆਂ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਨਾਸਿਕ ਦੇ ਤ੍ਰਿਅੰਬਕੇਸ਼ਵਰ ਇਲਾਕੇ ਵਿੱਚ ਦੋ ਪਿੰਡਾਂ ਨੂੰ ਜੋੜਨ ਵਾਲਾ ਪੁਲ ਵੀ ਪਾਣੀ ਵਿੱਚ ਵਹਿ ਗਿਆ, ਜਿਸ ਕਾਰਨ ਸ਼ਰਧਾਲੂਆਂ ਦੀ ਆਵਾਜਾਈ ਅਸਥਾਈ ਤੌਰ ‘ਤੇ ਰੋਕ ਦਿੱਤੀ ਗਈ ਹੈ।
ਉੱਧਰ ਗੁਜਰਾਤ ਦੇ ਸੂਰਤ ਵਿੱਚ 36 ਘੰਟਿਆਂ ਦੌਰਾਨ 19 ਇੰਚ ਮੀਂਹ ਦਰਜ ਕੀਤਾ ਗਿਆ, ਜਿਸ ਨਾਲ 85 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਗਿਆ, ਸੜਕਾਂ ਦਰਿਆਵਾਂ ਵਿੱਚ ਤਬਦੀਲ ਹੋ ਗਈਆਂ ਅਤੇ ਸ਼ਾਪਿੰਗ ਮਾਲ ਵੀ ਪਾਣੀ ਵਿੱਚ ਡੁੱਬ ਗਏ। ਵੱਖ-ਵੱਖ ਹਾਦਸਿਆਂ ਵਿੱਚ 9 ਲੋਕਾਂ ਦੀ ਮੌਤ ਹੋ ਗਈ, ਜਦਕਿ ਕਰੀਬ 3,400 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ। ਪ੍ਰਸ਼ਾਸਨ ਨੇ ਸੂਰਤ ਅਤੇ ਨਵਸਾਰੀ ਵਿੱਚ ਸਕੂਲ, ਕਾਲਜ ਅਤੇ ਆਂਗਣਵਾੜੀ ਕੇਂਦਰ ਬੰਦ ਰੱਖਦੇ ਹੋਏ ਲੋਕਾਂ ਨੂੰ ਬਹੁਤ ਜ਼ਰੂਰੀ ਕੰਮ ਹੋਣ ‘ਤੇ ਹੀ ਘਰੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਹੈ।

