ਇੰਟਰਨੈਸ਼ਨਲ – ਪੂਰਬੀ ਆਸਟ੍ਰੇਲੀਆ ਵਿਚ ਇਸ ਹਫ਼ਤੇ ਮੌਸਮ ਨੇ ਤਬਾਹੀ ਮਚਾ ਦਿੱਤੀ, ਜਿਸ ਕਾਰਨ ਕਈ ਸ਼ਹਿਰਾਂ ’ਚ ਸਥਿਤੀ ਵਿਗੜ ਗਈ। ਪਿਛਲੇ ਸ਼ਨੀਵਾਰ ਨੂੰ ਉੱਤਰੀ ਨਿਊ ਸਾਊਥ ਵੇਲਜ਼ ’ਚ ਭਾਰੀ ਬਰਫ਼ਬਾਰੀ ਹੋਈ, ਜਿਸ ਕਾਰਨ ਕੁਝ ਇਲਾਕਿਆਂ ’ਚ 40 ਸੈਂਟੀਮੀਟਰ (ਲਗਭਗ 16 ਇੰਚ) ਬਰਫ਼ਬਾਰੀ ਹੋਈ।
ਮੌਸਮ ਵਿਗਿਆਨੀ ਮਿਰਿਅਮ ਬ੍ਰੈਡਬਰੀ ਨੇ ਕਿਹਾ ਕਿ ਇਹ ਬਰਫ਼ਬਾਰੀ 1980 ਦੇ ਦਹਾਕੇ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਇਸ ਬਰਫ਼ਬਾਰੀ ਕਾਰਨ ਵਾਹਨ ਸੜਕਾਂ ’ਤੇ ਫਸ ਗਏ, ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਅਤੇ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਕਈ ਇਲਾਕਿਆਂ ਵਿਚ ਰਾਹਤ ਅਤੇ ਬਚਾਅ ਕਾਰਜ ਚੱਲ ਰਹੇ ਹਨ।
ਰਿਪੋਰਟ ਅਨੁਸਾਰ ਆਸਟ੍ਰੇਲੀਆ ’ਚ ਭਾਰੀ ਬਰਫ਼ਬਾਰੀ ਅਤੇ ਮੀਂਹ ਨੇ ਕਈ ਇਲਾਕਿਆਂ ’ਚ ਮੁਸ਼ਕਿਲ ਪੈਦਾ ਕਰ ਦਿੱਤੀ ਹੈ, ਜਦਕਿ ਕੁਈਨਜ਼ਲੈਂਡ ਸੂਬੇ ਦੇ ਕੁਝ ਹਿੱਸਿਆਂ ਵਿਚ 10 ਸਾਲਾਂ ’ਚ ਪਹਿਲੀ ਵਾਰ ਬਰਫ਼ਬਾਰੀ ਹੋਈ ਹੈ। ਮੌਸਮ ਵਿਗਿਆਨੀ ਬ੍ਰੈਡਬਰੀ ਦਾ ਕਹਿਣਾ ਹੈ ਕਿ ਜਲਵਾਯੂ ਪਰਿਵਰਤਨ ਕਾਰਨ ਆਸਟ੍ਰੇਲੀਆ ਦਾ ਮੌਸਮ ਹੋਰ ਅਸਥਿਰ ਹੋ ਗਿਆ ਹੈ। ਉਨ੍ਹਾਂ ਕਿਹਾ, ‘ਇਸ ਘਟਨਾ ਨੂੰ ਅਸਾਧਾਰਨ ਬਣਾਉਣ ਵਾਲੀ ਗੱਲ ਸਿਰਫ ਇਹ ਹੀ ਨਹੀਂ ਹੈ ਕਿ ਇੱਥੇ ਕਿੰਨੀ ਬਰਫ਼ਬਾਰੀ ਹੋਈ, ਸਗੋਂ ਇਹ ਵੀ ਹੈ ਕਿ ਇਹ ਕਿੰਨੀ ਵਿਆਪਕ ਸੀ, ਜਿਸ ਨੇ ਉੱਤਰੀ ਪਠਾਰੀ ਖੇਤਰਾਂ ਦੇ ਇਕ ਵੱਡੇ ਹਿੱਸੇ ਨੂੰ ਢਕ ਲਿਆ ਹੈ।’