ਮੇਰਠ (ਇੰਟ.)- ਉੱਤਰ ਪ੍ਰਦੇਸ਼ ਦੇ ਮੇਰਠ ‘ਚ ਅੰਬੇਡਕਰ ਹਵਾਈ ਪੱਟੀ ਤੋਂ ਹੈਲੀਕਾਪਟਰ ਲੁੱਟ ਦੀ ਸ਼ਿਕਾਇਤ ਨਾਲ ਪੁਲਸ ਪ੍ਰਸ਼ਾਸਨ ‘ਚ ਹੜਕੰਪ ਮਚ ਗਿਆ। ਹੈਲੀਕਾਪਟਰ ਦੇ ਪਾਇਲਟ ਰਵਿੰਦਰ ਸਿੰਘ ਨੇ ਮੇਰਠ ਦੇ ਐੱਸ.ਐੱਸ.ਪੀ. ਨੂੰ ਸ਼ਿਕਾਇਤ ਦਿੰਦੇ ਹੋਏ ਦੋਸ਼ ਲਾਇਆ ਹੈ ਕਿ ਡਾਕਟਰ ਭੀਮਰਾਓ ਅੰਬੇਡਕਰ ਹਵਾਈ ਪੱਟੀ ‘ਚ ਜ਼ਬਰਨ 15-20 ਵਿਅਕਤੀ ਵੜ ਆਏ। ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਹੈਲੀਕਾਪਟਰ ਦੇ ਪਾਰਟਸ ਖੋਲ੍ਹ ਕੇ ਟਰੱਕ ‘ਚ ਭਰ ਕੇ ਲੈ ਗਏ। ਐੱਸ.ਐੱਸ.ਪੀ. ਨੇ 3 ਮਹੀਨੇ ਪੁਰਾਣਾ ਮਾਮਲਾ ਦੱਸਦੇ ਹੋਏ ਇਸ ਨੂੰ 2 ਭਾਈਵਾਲਾਂ ਦਾ ਝਗੜਾ ਦੱਸਿਆ ਹੈ। ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਮੇਰਠ ਦੇ ਥਾਣਾ ਪਰਤਾਪੁਰ ਸਥਿਤ ਡਾਕਟਰ ਭੀਮਰਾਓ ਅੰਬੇਡਕਰ ਹਵਾਈ ਪੱਟੀ ‘ਤੇ ਐੱਸ.ਏ.ਆਰ. ਏਵੀਏਸ਼ਨ ਸਰਵਿਸ ਪ੍ਰਾਈਵੇਟ ਲਿਮਟਿਡ ਨਾਲ ਜੁੜੇ ਪਾਇਲਟ ਰਵਿੰਦਰ ਸਿੰਘ ਨਾਲ ਇਹ ਘਟਨਾ ਵਾਪਰੀ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਫ਼ੌਜ ਤੋਂ ਰਿਟਾਇਰ ਹੋਣ ਮਗਰੋਂ ਉਹ ਇਸ ਕੰਪਨੀ ਲਈ ਕੰਮ ਕਰਦੇ ਹਨ। ਇਸ ਕੰਪਨੀ ਦੇ ਸ਼ੇਅਰ ਹੋਲਡਰ ਅਤੇ ਡਾਇਰੈਕਟਰ ਵੀ ਹਨ। ਪਾਇਲਟ ਰਵਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਕੰਪਨੀ ਮੇਰਠ ਏਅਰਸਟ੍ਰਿਪ ‘ਤੇ ਹੈਲੀਕਾਪਟਰ ਨੂੰ ਮੇਂਟੀਨੈਂਸ ਲਈ ਭੇਜਦੀ ਹੈ। ਕੰਪਨੀ ਦਾ ਇਕ ਹੈਲੀਕਾਪਟਰ ‘ਵੀ.ਟੀ.ਟੀ.ਟੀ.ਬੀ.ਬੀ.’ ਮੇਰਠ ਆਇਆ ਸੀ। 10 ਮਈ 2024 ਨੂੰ ਹਵਾਈ ਪੱਟੀ ਤੋਂ ਇਕ ਮਕੈਨਿਕ ਨੇ ਫੋਨ ਕਰ ਕੇ ਦੱਸਿਆ ਕਿ ਕੁਝ ਗੁੰਡਾ ਕਿਸਮ ਦੇ ਲੋਕ ਹੈਲੀਕਾਪਟਰ ਦੇ ਪਾਰਟਸ ਖੋਲ੍ਹ ਰਹੇ ਹਨ।