4 ਜੂਨ ਦੇ ਲੋਕ ਸਭਾ ਚੋਣਾਂ ਦੇ ਨਤੀਜ਼ਿਆਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ’ਚ ਇੱਕ ਵਾਰ ਵੱਡੀ ਹਲਚਲ ਦੇਖਣ ਨੂੰ ਮਿਲੀ ਜਦੋਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਵਿਧਾਇਕ ਸ਼ੀਤਲ ਅੰਗੂਰਾਲ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨੀਂ ਸ਼ੀਤਲ ਅੰਗੂਰਾਲ ਵਲੋਂ ਆਪਣਾ ਅਸਤੀਫ਼ਾ ਵਾਪਸ ਲੈਣ ਦੀ ਖ਼ਬਰ ਮਿਲੀ ਸੀ। ਇਸ ਪਿੱਛੇ ਸ਼ੀਤਲ ਨੇ ਕਾਰਨ ਦਿੱਤਾ ਸੀ ਅਸਤੀਫ਼ਾ ਪਹਿਲਾਂ ਮਨਜ਼ੂਰ ਕਰ ਲਿਆ ਜਾਂਦਾ ਤਾਂ ਠੀਕ ਸੀ ਪਰ ਹੁਣ ਮੈਂ ਨਹੀਂ ਚਾਹੁੰਦਾ ਕਿ ਜਲੰਧਰ ਪੱਛਮੀ ਵਿਚ ਦੁਬਾਰਾ ਚੋਣਾਂ ਹੋਣ ’ਤੇ ਸਰਕਾਰ ਦਾ ਖਰਚਾ ਵਧੇ।
ਜਾਣਕਾਰੀ ਮੁਤਾਬਕ ਅੱਜ ਸਵੇਰੇ 11 ਵਜੇ ਦੇ ਕਰੀਬ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ੀਤਲ ਅੰਗੂਰਾਲ ਨੂੰ ਸੱਦਾ ਭੇਜਿਆ ਸੀ ਪਰ ਸਪੀਕਰ ਦੇ ਵਿਧਾਨ ਸਭਾ ’ਚ ਮੌਜੂਦ ਨਾ ਹੋਣ ਕਰਕੇ ਵਿਧਾਇਕ ਨੂੰ ਇੰਤਜ਼ਾਰ ਕਰਨ ਤੋਂ ਬਾਅਦ ਖਾਲੀ ਹੱਥ ਹੀ ਪਰਤਣਾ ਪਿਆ।
ਇਸ ਮੌਕੇ ਅੰਗੂਰਾਲ ਨੇ ਦੱਸਿਆ ਕਿ ਮੈਂ ਸਪੀਕਰ ਨੂੰ ਮਿਲਣ ਪਹੁੰਚਿਆ ਤਾਂ ਪਰ ਉਹ ਵਿਧਾਨ ਸਭਾ ਵਿਚ ਨਹੀਂ ਮਿਲੇ। ਸਪੀਕਰ ਫਿਲਹਾਲ ਦਿੱਲੀ ਵਿਚ ਹਨ, ਹੁਣ 11 ਜੂਨ ਨੂੰ ਸਵੇਰੇ 11 ਵਜੇ ਦੁਬਾਰਾ ਬੁਲਾਇਆ ਗਿਆ ਹੈ। ਅਸਤੀਫ਼ਾ ਵਾਪਸ ਲੈਣ ਦੀ ਚਿੱਠੀ ਸਕੱਤਰ ਕੋਲ ਜਮ੍ਹਾ ਕਰਵਾ ਕੇ ਰਿਸੀਵਿੰਗ ਵੀ ਲੈ ਲਈ ਹੈ। ਇਸ ਦੇ ਨਾਲ ਵਿਧਾਇਕ ਨੇ ਕਿਹਾ ਕਿ ਚੋਣਾਂ ਤੋਂ 69 ਦਿਨ ਪਹਿਲਾਂ ਮੈਂ ਅਸਤੀਫ਼ਾ ਦਿੱਤਾ ਜੋ ਕਿ ਮੰਜ਼ੂਰ ਨਹੀਂ ਕੀਤਾ ਗਿਆ। ਲੋਕਤਾਂਤ੍ਰਿਕ ਅਧਿਕਾਰ ਦੀ ਵਰਤੋਂ ਕਰਦਿਆਂ ਮੈਂ ਅਸਤੀਫ਼ਾ ਵਾਪਸ ਲੈ ਲਿਆ ਸੀ।