ਮਿਲਾਨ (ਇਟਲੀ )- ਵੱਡੀ ਤਾਦਾਦ ਵਿੱਚ ਇਟਾਲੀਅਨ ਲੋਕਾਂ ਨੂੰ ਪੰਜਾਬੀ ਭੰਗੜੇ ਦੀ ਸਿਖਲਾਈ ਦੇ ਕੇ ਵਿਦੇਸ਼ੀਆਂ ਨੂੰ ਭੰਗੜੇ ਦੀ ਕਲਾ ਨਾਲ ਜੋੜਨ ਵਾਲੇ ਪ੍ਰਸਿੱਧ ਪੰਜਾਬੀ ਭੰਗੜਾ ਕਲਾਕਾਰ ਅਤੇ ਕੋਚ ਵਰਿੰਦਰਦੀਪ ਸਿੰਘ ਰਵੀ ਨੂੰ ਇਟਲੀ ਵਿੱਚ “ਭੰਗੜੇ ਦਾ ਬਾਦਸ਼ਾਹ” ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਬੀਤੇ ਦਿਨ ਵੈਰੋਨਾ ਨੇੜਲੇ ਸ਼ਹਿਰ ਸਨਬੋਨੀਫਾਚੋ ਵਿਖੇ ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵੱਖ-ਵੱਖ ਖੇਤਰ ਦੀਆਂ ਅਨੇਕਾਂ ਸ਼ਖਸੀਅਤਾਂ ਦੁਆਰਾ ਵਰਿੰਦਰਦੀਪ ਸਿੰਘ ਰਵੀ ਨੂੰ ਇਸ ਵੱਕਾਰੀ ਸਨਮਾਨ ਨਾਲ ਸਨਮਾਨਿਤ ਕਰਦੇ ਸਮੇਂ ਇਸ ਹੋਣਹਾਰ ਭੰਗੜਾ ਕਲਾਕਾਰ ਦੀਆਂ ਮਾਣ-ਮੱਤੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਉਸ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਇਸ ਮੌਕੇ ਇਟਲੀ ਦੀਆਂ ਇਨਾਂ ਪ੍ਰਸਿੱਧ ਸ਼ਖਸੀਅਤਾਂ ਨੇ ਕਿਹਾ ਕਿ ਵਰਿੰਦਰਦੀਪ ਸਿੰਘ ਰਵੀ ਨੇ ਇਟਲੀ ਦੇ ਨਾਲ-ਨਾਲ ਪੂਰੇ ਯੂਰਪ ਭਰ ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਮੇਲਿਆਂ ਵਿੱਚ “ਭੰਗੜਾ ਬੁਆਇਜ ਐਂਡ ਗਰਲਜ ਗਰੁੱਪ” ਰਾਹੀ ਪੰਜਾਬੀ ਭੰਗੜੇ ਦੀ ਵਿਲੱਖਣ ਪੇਸ਼ਕਾਰੀ ਕਰਕੇ ਵਾਹਵਾ ਖੱਟੀ ਹੈ। ਅਤੇ ਵਿਦੇਸ਼ੀ ਲੋਕਾਂ ਦੇ ਮਨਾਂ ਅੰਦਰ ਪੰਜਾਬੀਆਂ ਦੇ ਇਸ ਲੋਕ ਨਾਚ ਦਾ ਮਾਣ ਤੇ ਸਤਿਕਾਰ ਵਧਾਇਆ ਹੈ। ਦੱਸਣਯੋਗ ਹੈ ਕਿ ਵਰਿੰਦਰਦੀਪ ਕੋਲੋਂ ਲਗਭੱਗ 600 ਦੇ ਕਰੀਬ ਇਟਾਲੀਅਨ ਮੁੰਡੇ ਕੁੜੀਆਂ ਅਤੇ ਬੱਚੇ ਭੰਗੜੇ ਦੀ ਸਿਖਲਾਈ ਲੈ ਚੁੱਕੇ ਹਨ।ਪਿਛੋਕੜ ਤੋਂ ਇਹ ਨੌਜਵਾਨ ਜਲੰਧਰ ਜ਼ਿਲ੍ਹੇ ਦੇ ਪਿੰਡ ਕਾਲਾ ਬੱਕਰਾ ਨਾਲ ਸਬੰਧਿਤ ਹੈ ਅਤੇ ਅੱਜਕਲ੍ਹ ਇਟਲੀ ਦੇ ਸ਼ਹਿਰ ਪਾਦੋਵਾ ਵਿਖੇ ਪੱਕੇ ਤੌਰ ‘ਤੇ ਰਹਿੰਦਾ ਹੈ।