ਚੰਡੀਗੜ੍ਹ/ ਦੀਨਾਨਗਰ/ਗੁਰਦਾਸਪੁਰ, 22 ਮਾਰਚ –
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਿਹਤ ਕ੍ਰਾਂਤੀ ਤਹਿਤ ਸੂਬੇ ਵਿੱਚ ਸਿਹਤ ਸੰਸਥਾਵਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਗਾਤਾਰ ਜਾਰੀ ਹਨ। ਇਨ੍ਹਾਂ ਹੀ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ 2.10 ਕਰੋੜ ਰੁਪਏ ਖ਼ਰਚ ਕਰਕੇ ਸੀ.ਐੱਚ.ਸੀ. ਸਿੰਘੋਵਾਲ (ਦੀਨਾਨਗਰ) ਦੀ ਕਾਇਆ ਕਲਪ ਕੀਤੀ ਜਾਵੇਗੀ। ਸੀ.ਐੱਚ.ਸੀ. ਸਿੰਘੋਵਾਲ ਦੀ ਰਿਪੇਅਰ, ਰੈਨੋਵੇਸ਼ਨ ਅਤੇ ਅਪਗ੍ਰੇਡੇਸ਼ਨ ਪ੍ਰੋਜੈਕਟ ਦਾ ਨੀਂਹ ਪੱਥਰ ਅੱਜ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਸ੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਵਿਧਾਇਕ ਡੇਰਾ ਬਾਬਾ ਨਾਨਕ ਸ. ਗੁਰਦੀਪ ਸਿੰਘ ਰੰਧਾਵਾ ਅਤੇ ਸ੍ਰੀ ਸ਼ਮਸ਼ੇਰ ਸਿੰਘ ਵੱਲੋਂ ਰੱਖਿਆ ਗਿਆ।
ਸੀ.ਐੱਚ.ਸੀ. ਸਿੰਘੋਵਾਲ (ਦੀਨਾਨਗਰ) ਦੀ ਰਿਪੇਅਰ, ਰੈਨੋਵੇਸ਼ਨ ਅਤੇ ਅਪਗ੍ਰੇਡੇਸ਼ਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਉਪਰੰਤ ਹਾਜ਼ਰ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਿਹਤ ਖੇਤਰ ਵਿੱਚ ਵੱਡੇ ਸੁਧਾਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਸੂਬੇ ਭਰ ਵਿੱਚ ਆਮ ਆਦਮੀ ਕਲੀਨਿਕ ਸ਼ੁਰੂ ਕਰਕੇ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਮੁਫ਼ਤ ਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਹਨ। ਪੰਜਾਬ ਸਰਕਾਰ ਵੱਲੋਂ ਅਰੰਭੇ ‘ਯੁੱਧ ਨਸ਼ਿਆਂ ਵਿਰੁੱਧ’ ਦਾ ਜ਼ਿਕਰ ਕਰਦਿਆਂ ਵਿਧਾਇਕ ਸ੍ਰੀ ਸ਼ੈਰੀ ਕਲਸੀ ਨੇ ਕਿਹਾ ਕਿ ਰਾਜ ਸਰਕਾਰ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਵਚਨਬੱਧ ਹੈ ਅਤੇ ਇਸ ਮੁਹਿੰਮ ਨੂੰ ਫ਼ਤਹਿ ਕਰਨ ਲਈ ਲੋਕਾਂ ਨੂੰ ਵੀ ਆਪਣਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਨਸ਼ਾ ਤਸਕਰਾਂ ਦੀ ਪੰਜਾਬ ਵਿੱਚ ਕੋਈ ਥਾਂ ਨਹੀਂ ਹੈ ਅਤੇ ਨਸ਼ਾ ਤਸਕਰ ਆਪਣੇ ਕੀਤੇ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨਸ਼ਿਆਂ ਦਾ ਖ਼ਾਤਮਾ ਕਰਕੇ ‘ਰੰਗਲੇ ਪੰਜਾਬ’ ਅਤੇ ਖੁਸ਼ਹਾਲ ਪੰਜਾਬ ਦਾ ਸੁਪਨਾ ਜ਼ਰੂਰ ਪੂਰਾ ਕਰਕੇ ਰਹੇਗੀ।
ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਦੀਨਾਨਗਰ ਵਾਸੀਆਂ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਪੂਰਾ ਕਰਦੇ ਹੋਏ ਸੀ.ਐੱਚ.ਸੀ. ਸਿੰਘੋਵਾਲ ਦੀ ਰਿਪੇਅਰ, ਰੈਨੋਵੇਸ਼ਨ ਅਤੇ ਅਪਗ੍ਰੇਡੇਸ਼ਨ ਪ੍ਰੋਜੈਕਟ ਸ਼ੁਰੂ ਕੀਤਾ ਹੈ, ਜਿਸ ਉੱਪਰ 2.10 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਸੀ.ਐੱਚ.ਸੀ. ਸਿੰਘੋਵਾਲ ਦੀ ਇਮਾਰਤ ਦੀ ਮੁਰੰਮਤ ਉੱਪਰ 91.31 ਲੱਖ ਰੁਪਏ ਖ਼ਰਚ ਕੀਤੇ ਜਾਣਗੇ ਜਦਕਿ 9.25 ਲੱਖ ਰੁਪਏ ਪਬਲਿਕ ਹੈਲਥ ਉੱਪਰ, 26.39 ਲੱਖ ਰੁਪਏ ਮੈਡੀਕਲ ਗੈਸ ਪਾਈਪਲਾਈਨ ਉੱਪਰ, 70 ਲੱਖ ਰੁਪਏ ਫਾਇਰ ਫਾਈਟਿੰਗ ਉੱਪਰ ਅਤੇ 15.70 ਲੱਖ ਰੁਪਏ ਬਿਜਲੀ ਦੇ ਕੰਮਾਂ ਉੱਪਰ ਖ਼ਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸਾਰਾ ਪ੍ਰੋਜੈਕਟ ਅਗਲੇ 6 ਮਹੀਨੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੀ.ਐੱਸ.ਸੀ. ਦੇ ਅਪਗ੍ਰੇਡੇਸ਼ਨ ਹੋਣ ਨਾਲ ਦੀਨਾਨਗਰ ਸ਼ਹਿਰ ਅਤੇ ਆਸ-ਪਾਸ ਦੇ 200 ਪਿੰਡਾਂ ਨੂੰ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਲਾਭ ਮਿਲੇਗਾ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਵੱਲੋਂ ਸਰਕਾਰੀ ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਵਿੱਚ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਸਿੰਘੋਵਾਲ ਦੇ ਇਸ ਪ੍ਰੋਜੈਕਟ ਲਈ ਉਨ੍ਹਾਂ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦਾ ਧੰਨਵਾਦ ਕੀਤਾ।
ਇਸ ਮੌਕੇ ਡੇਰਾ ਬਾਬਾ ਨਾਨਕ ਦੇ ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ ਨੇ ਵੀ ਪੰਜਾਬ ਸਰਕਾਰ ਦੀ ਸਿਹਤ ਕ੍ਰਾਂਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਆਮ ਆਦਮੀ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿੱਚ ਮਰੀਜ਼ਾਂ ਦਾ ਮੁਫ਼ਤ ਇਲਾਜ ਹੋ ਰਿਹਾ ਹੈ ਅਤੇ ਹਸਪਤਾਲਾਂ ਤੇ ਹੋਰ ਸਿਹਤ ਸੰਸਥਾਵਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਖੇਤਰ ਵਿੱਚ ਵੱਡੇ ਸੁਧਾਰ ਕਰਕੇ ਮਾਨ ਸਰਕਾਰ ਨੇ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਹੈ।
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ੍ਰੀ ਸ਼ਮਸ਼ੇਰ ਸਿੰਘ ਦੀਨਾਨਗਰ ਨੇ ਸਿੰਘੋਵਾਲ ਸੀ.ਐੱਚ.ਸੀ. ਦੀ ਰਿਪੇਅਰ, ਰੈਨੋਵੇਸ਼ਨ ਅਤੇ ਅਪਗ੍ਰੇਡੇਸ਼ਨ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੀ.ਐੱਚ.ਸੀ. ਸਿੰਘੋਵਾਲ ਦੀਨਾਨਗਰ ਸ਼ਹਿਰ ਤੇ ਆਸ ਪਾਸ ਦੇ ਇਲਾਕੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਦਿੰਦੀ ਹੈ ਪਰ ਪਿਛਲੀਆਂ ਸਰਕਾਰਾਂ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਵੱਲੋਂ ਅਣਗੌਲੀ ਇਸ ਸੀ.ਐੱਚ.ਸੀ. ਦੀ ਆਖ਼ਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੁਣੀ ਹੈ। ਉਨ੍ਹਾਂ ਕਿਹਾ ਕਿ ਅੱਜ ਸੀ.ਐੱਚ.ਸੀ. ਸਿੰਘੋਵਾਲ ਦੀ ਰਿਪੇਅਰ, ਰੈਨੋਵੇਸ਼ਨ ਅਤੇ ਅਪਗ੍ਰੇਡੇਸ਼ਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ ਅਤੇ ਅਗਲੇ 6 ਮਹੀਨੇ ਵਿੱਚ ਇਸ ਸੀ.ਐੱਚ.ਸੀ. ਦੀ ਪੂਰੀ ਤਰ੍ਹਾਂ ਕਾਇਆ ਕਲਪ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਇਸ ਸਿਹਤ ਸੰਸਥਾ ਦੀ ਸਾਰ ਲੈਣ ‘ਤੇ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ।
ਇਸ ਮੌਕੇ ਐੱਸ.ਡੀ.ਐੱਮ. ਦੀਨਾਨਗਰ ਸ੍ਰੀ ਜਸਪਿੰਦਰ ਸਿੰਘ ਭੁੱਲਰ, ਆਈ.ਏ.ਐੱਸ., ਸਿਵਲ ਸਰਜਨ ਡਾ. ਭਾਰਤ ਭੂਸ਼ਨ, ਸਰਪੰਚ ਗੁਰਨਾਮ ਸਿੰਘ ਸਿੰਘੋਵਾਲ, ਸੁੱਚਾ ਸਿੰਘ ਮੁਲਤਾਨੀ, ਗੁਰਜੀਵ ਸਿੰਘ ਸਰਪੰਚ ਬੱਬਰੀ, ਰਣਜੀਤ ਸਿੰਘ ਬਲਾਕ ਪ੍ਰਧਾਨ, ਤਲਵਿੰਦਰ ਸਿੰਘ, ਸੁਖਵੰਤ ਰਾਜ, ਐੱਸ.ਐੱਮ.ਓ. ਡਾ. ਸੁਸ਼ੀਲ, ਮੈਡੀਕਲ ਅਫ਼ਸਰ ਡਾ. ਮੋਹਿਤ, ਡਾ. ਇੰਦਰਜੀਤ ਰਾਣਾ ਸਮੇਤ ਇਲਾਕੇ ਦੇ ਮੁਹਤਬਰ ਹਾਜ਼ਰ ਸਨ।