NEET ਪ੍ਰੀਖਿਆ ‘ਚ ਧਾਂਦਲੀ ਵਿਰੁੱਧ ਅੱਜ ਸੈਂਕੜੇ ਨੌਜਵਾਨ ਚੰਡੀਗੜ੍ਹ ਦੀਆਂ ਸੜਕਾਂ ’ਤੇ ਉੱਤਰ ਆਏ ਅਤੇਂ ਭਾਜਪਾ ਦੀ ਕੇਂਦਰ ਸਰਕਾਰ ਦੇ ਵਿਰੁੱਧ ਨਾਅਰੇਬਾਜੀ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ’ਤੇ ਨੌਜਵਾਨਾਂ ਦਾ ਭਵਿੱਖ ਬਰਬਾਦ ਕਰਨ ਦੇ ਇਲਜ਼ਾਮ ਲਗਾਏ। ਹਾਲਾਂਕਿ ਰੋਸ ਪ੍ਰਦਰਸ਼ਨ ਦੌਰਾਨ ਨੌਜਵਾਨਾਂ ਵੱਲੋਂ ਚੰਡੀਗੜ੍ਹ ’ਚ ਗਵਰਨਰ ਹਾਊਸ ਵੱਲ ਕੂਚ ਕਰਨ ਦੀ ਯੋਜਨਾ ਬਣਾਈ ਗਈ ਸੀ, ਪਰ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਕਾਂਗਰਸ ਭਵਨ ਦੇ ਬਾਹਰ ਹੀ ਰੋਕ ਲਿਆ।
ਇਸ ਦੌਰਾਨ ਨੌਜਵਾਨਾਂ ਤੇ ਪੁਲਿਸ ਵਿਚਾਲੇ ਝੜਪ ਵੀ ਹੋਈ, ਕਿਉਕਿ ਨੌਜਵਾਨ ਅੱਗੇ ਵੱਧਣਾ ਚਾਹੁੰਦੇ ਸੀ ਤੇ ਪੁਲਿਸ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਰਸਤੇ ’ਚ ਹੀ ਰੋਕ ਲਿਆ ਗਿਆ ਸੀ। ਇਸੇ ਕਰਕੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪਾਣੀ ਦੇ ਬੌਛਾਰਾਂ ਦੀ ਵਰਤੋਂ ਕੀਤੀ ਅਤੇ ਕੁੱਝ ਨੌਜਵਾਨਾਂ ਨੂੰ ਹਿਰਾਸਤ ’ਚ ਵੀ ਲੈ ਲਿਆ।
ਜਾਣਕਾਰੀ ਮੁਤਬਾਕ ਜਦੋਂ ਪੁਲਿਸ ਨੇ ਕੁੱਝ ਨੌਜਵਾਨਾਂ ਨੂੰ ਹਿਰਾਸਤ ’ਚ ਲਿਆ ਤਾਂ ਉਨ੍ਹਾਂ ਨੇ NSUI ਦੇ ਮੈਂਬਰ ਹੋਣ ਦਾ ਦਾਅਵਾ ਕੀਤਾ। ਪਰ ਦੂਜੇ ਪਾਸੇ NSUI ਦੇ ਪ੍ਰਧਾਨ ਇਸਰਾਪ੍ਰੀਤ ਸਿੰਘ ਨੇ ਇਸ ਦਾਅਵੇ ਨੂੰ ਰੱਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਕੋਈ ਵੀ ਪ੍ਰਦਰਸ਼ਨ NSUI ਵੱਲੋਂ ਨਹੀਂ ਕੀਤਾ ਗਿਆ। ਜੇਕਰ ਕੋਈ ਪ੍ਰਦਰਸ਼ਨ NSUI ਵੱਲੋਂ ਕੀਤਾ ਜਾਂਦਾ ਹੈ ਤਾਂ ਇਸ ਦੀ ਪਹਿਲਾਂ ਦੀ ਜਾਣਕਾਰੀ ਦਿੱਤੀ ਜਾਵੇਗੀ।