ਜਲੰਧਰ – ਜੰਮੂ-ਕਸ਼ਮੀਰ ਤੇ ਹਿਮਾਚਲ ਦੇ ਉਚਾਈ ਵਾਲੇ ਇਲਾਕਿਆਂ ਵਿਚ ਬਰਫਬਾਰੀ ਕਾਰਨ ਪੰਜਾਬ ਦੇ ਮੌਸਮ ਵਿਚ ਵੀ ਬਦਲਾਅ ਹੋਇਆ ਹੈ ਅਤੇ ਠੰਢਕ ਦਾ ਅਹਿਸਾਸ ਹੋਣ ਲੱਗਾ ਹੈ। ਸਵੇਰੇ ਤੋਂ ਦੇਰ ਰਾਤ ਤੱਕ ਜਾਰੀ ਰਹੇ ਹਲਕੇ ਮੀਂਹ ਨਾਲ ਮੌਸਮ ਸੁਹਾਵਣਾ ਹੋ ਗਿਆ। ਇਸੇ ਵਿਚਕਾਰ ਸ਼ਾਮ ਦੇ ਸਮੇਂ ਆਸਮਾਨ ਵਿਚ ਇੰਦਰਧਨੁਸ਼ (ਸਤਰੰਗੀ ਪੀਂਘ) ਦਾ ਨਜ਼ਾਰਾ ਦੇਖਣ ਨੂੰ ਮਿਲਿਆ। ਉੱਥੇ ਹੀ, ਸੋਮਵਾਰ ਨੂੰ ਵੀ ਬੱਦਲ ਛਾਏ ਰਹਿਣ ਦਾ ਅਨੁਮਾਨ ਹੈ।
ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਸਮੇਤ ਗੁਆਂਢੀ ਸੂਬਿਆਂ ਵਿਚ ਮੌਸਮ ਨੇ ਕਰਵਟ ਲਈ ਹੈ। ਇਸੇ ਕੜੀ ਵਿਚ ਮਹਾਨਗਰ ਵਿਚ ਹਲਕੇ ਮੀਂਹ ਕਾਰਨ ਤਾਪਮਾਨ ਵਿਚ ਗਿਰਾਵਟ ਦਰਜ ਹੋਈ। ਮਹਾਨਗਰ ਦਾ ਵੱਧ ਤੋਂ ਵੱਧ ਤਾਪਮਾਨ 23-24 ਡਿਗਰੀ, ਜਦਕਿ ਘੱਟ ਤੋਂ ਘੱਟ ਤਾਪਮਾਨ 15 ਡਿਗਰੀ (ਰਾਤ ਵੇਲੇ) ਦਰਜ ਹੋਇਆ। ਉੱਥੇ ਹੀ, ਬੀਤੇ ਦਿਨੀਂ ਮਹਾਨਗਰ ਜਲੰਧਰ ਦਾ ਤਾਪਮਾਨ 30 ਡਿਗਰੀ ਤੋਂ ਉੱਪਰ ਨਿਕਲ ਗਿਆ ਸੀ। ਇਸੇ ਸਿਲਸਿਲੇ ਵਿਚ 6-7 ਡਿਗਰੀ ਦੀ ਗਿਰਾਵਟ ਨੇ ਠੰਢਕ ਦਾ ਅਹਿਸਾਸ ਕਰਵਾਇਆ ਹੈ।
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਜਾਰੀ ਕੀਤੇ ਗਏ ਅਗਾਊਂ ਅਨੁਮਾਨ ਮੁਤਾਬਕ ਅਗਲੇ 5-7 ਦਿਨਾਂ ਤੱਕ ਮੌਸਮ ਬਦਲਦਾ ਹੋਇਆ ਨਜ਼ਰ ਆਵੇਗਾ, ਜਿਸ ਕਾਰਨ 16 ਮਾਰਚ ਨੂੰ ਮੀਂਹ ਪੈਣ ਦਾ ਅਨੁਮਾਨ ਹੈ। ਇਸੇ ਕਾਰਨ ਸਾਵਧਾਨ ਰਹਿਣ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਫਿਲਹਾਲ ਜਾਰੀ ਹੋਏ ਅਨੁਮਾਨ ਮੁਤਾਬਕ 20 ਮਾਰਚ ਤੋਂ ਬਾਅਦ ਮੌਸਮ ਆਮ ਵਾਂਗ ਹੋ ਜਾਵੇਗਾ। ਇਸ ਦੌਰਾਨ ਮਹਾਨਗਰ ਜਲੰਧਰ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਬਿਜਲੀ ਕੜਕਣ, ਹਨੇਰੀ-ਤੂਫਾਨ ਅਤੇ ਗੜੇਮਾਰੀ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ।

