ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦਿਆ। ਉਨ੍ਹਾਂ ਪੀਐੱਮ ਮੋਦੀ ‘ਤੇ ਚੋਣ ਪ੍ਰਚਾਰ ਦੌਰਾਨ ਜਨਤਕ ਭਾਸ਼ਣ ਦੇ ਨਾਲ-ਨਾਲ ‘ਨਫ਼ਰਤ ਭਰੇ ਭਾਸ਼ਣ’ ਦੇ ਕੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਾਣ-ਮਰਿਆਦਾ ਨੂੰ ਘਾਣ ਲਗਾਉਣ ਦਾ ਇਲਜ਼ਾਮ ਲਗਾਇਆ।
ਮਨਮੋਹਨ ਸਿੰਘ ਨੇ ਪੰਜਾਬ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿਰਫ ਕਾਂਗਰਸ ਹੀ ਵਿਕਾਸਮੁਖੀ ਅਗਾਂਹ-ਵਧੂ ਭਵਿੱਖ ਨੂੰ ਯਕੀਨੀ ਬਣਾ ਸਕਦੀ ਹੈ ਜਿੱਥੇ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਕੀਤੀ ਜਾਵੇਗੀ। ਪੰਜਾਬ ਦੇ ਵੋਟਰਾਂ ਨੂੰ ਲਿਖੇ ਇੱਕ ਪੱਤਰ ਵਿੱਚ, ਸੀਨੀਅਰ ਕਾਂਗਰਸੀ ਆਗੂ ਨੇ ਹਥਿਆਰਬੰਦ ਬਲਾਂ ‘ਤੇ ਅਗਨੀਵੀਰ ਯੋਜਨਾ ਨੂੰ ਲਾਗੂ ਕਰਨ ਦਾ ਇਲਜ਼ਾਮ ਵੀ ਲਗਾਇਆ ਅਤੇ ਕਿਹਾ, “ਭਾਜਪਾ ਸੋਚਦੀ ਹੈ ਕਿ ਦੇਸ਼ ਭਗਤੀ, ਬਹਾਦਰੀ ਅਤੇ ਸੇਵਾ ਸਿਰਫ ਚਾਰ ਸਾਲ ਦੀ ਕੀਮਤ ਹੈ। ਇਹ ਉਨ੍ਹਾਂ (ਪੀਐੱਮ ਮੋਦੀ) ਦੇ ਫਰਜ਼ੀ ਰਾਸ਼ਟਰਵਾਦ ਨੂੰ ਦਰਸਾਉਂਦਾ ਹੈ।
ਇਸ ਦੇ ਨਾਲ ਹੀ ਪੀਐੱਮ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਸਿੰਘ ਨੇ ਕਿਹਾ, ਮੈਂ ਇਸ ਚੋਣ ਮੁਹਿੰਮ ਦੌਰਾਨ ਸਿਆਸੀ ਗੱਲਬਾਤ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹਾਂ। ਮੋਦੀ ਜੀ ਨਫ਼ਰਤ ਭਰੇ ਭਾਸ਼ਣ ਦੇ ਰਹੇ ਹਨ, ਜੋ ਪੂਰੀ ਤਰ੍ਹਾਂ ਵੰਡਣ ਵਾਲੇ ਹਨ। ਮੋਦੀ ਜੀ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਜਨਤਕ ਭਾਸ਼ਣ ਦੀ ਮਾਣ ਮਰਿਆਦਾ ਨੂੰ ਘਟਾਇਆ। ਅਤੀਤ ਵਿੱਚ ਕਿਸੇ ਵੀ ਪ੍ਰਧਾਨ ਮੰਤਰੀ ਨੇ ਸਮਾਜ ਦੇ ਕਿਸੇ ਵਿਸ਼ੇਸ਼ ਵਰਗ ਜਾਂ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਣ ਲਈ ਅਜਿਹੇ ਭੈੜੇ, ਗੈਰ-ਸੰਸਦੀ ਅਤੇ ਅਸੱਭਿਆਚਰਕ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਹੈ। ਉਨ੍ਹਾਂ (ਪੀਐੱਮ ਮੋਦੀ) ਨੇ ਮੇਰੇ ਬਾਰੇ ਕੁਝ ਗਲਤ ਬਿਆਨ ਵੀ ਦਿੱਤੇ ਹਨ। ਪਰ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਇੱਕ ਭਾਈਚਾਰੇ ਨੂੰ ਦੂਜੇ ਤੋਂ ਵੱਖ ਨਹੀਂ ਕੀਤਾ।
ਦਰਅਸਲ ਪੀਐੱਮ ਮੋਦੀ ਨੇ ਰੈਲ੍ਹੀ ਦੌਰਾਨ ਮਨਮੋਹਨ ਸਿੰਘ ’ਤੇ ਇਲਜ਼ਾਮ ਲਗਾਇਆ ਐ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਆਪਣੇ ਕਾਰਜਕਾਲ ਦੌਰਾਨ ਕਿਹਾ ਸੀ ਕਿ ਦੇਸ਼ ਦੇ ਵਸੀਲਿਆਂ ‘ਤੇ ਪਹਿਲਾ ਹੱਕ ਮੁਸਲਮਾਨਾਂ ਦਾ ਹੈ। ਇਸੇ ’ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਸਿੰਘ ਨੇ ਕਿਹਾ ਕਿ ਭਾਰਤ ਦੇ ਲੋਕ ਇਹ ਸਭ ਦੇਖ ਰਹੇ ਹਨ। ਅਮਨੁੱਖੀ ਕਰਨ ਦੀ ਇਹ ਕਹਾਣੀ ਹੁਣ ਸਿਖਰ ‘ਤੇ ਪਹੁੰਚ ਚੁੱਕੀ ਹੈ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਪਿਆਰੇ ਦੇਸ਼ ਨੂੰ ਇਨ੍ਹਾਂ ਫੁੱਟ ਪਾਊ ਤਾਕਤਾਂ ਤੋਂ ਬਚਾਈਏ।