ਮੰਗਲਵਾਰ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਇਸ ਵਿਚਾਲੇ ਬੁੱਧਵਾਰ ਨੂੰ ਇੰਡੀਆ ਗਠਜੋੜ ਅਗਲੀ ਰਣਨੀਤੀ ਤੈਅ ਕਰਨ ਲਈ ਦਿੱਲੀ ’ਚ ਮੀਟਿੰਗ ਕਰ ਰਿਹਾ ਹੈ ਜੋ ਕਿ ਸ਼ੁਰੂ ਹੋ ਚੁੱਕੀ ਹੈ। ਇਹ ਬੈਠਕ ਕਾਂਗਰਸ ਪ੍ਰਧਾਨ ਮੱਲਿਕਾਰੁਜਨ ਖੜਗੇ ਦੇ ਦਿੱਲੀ ਸਥਿਤ ਰਿਹਾਇਸ਼ ‘ਤੇ ਹੋ ਰਹੀ ਹੈ। ਅੱਜ ਦੀ ਮੀਟਿੰਗ ਵਿਚ ਤੈਅ ਕੀਤਾ ਜਾਣਾ ਹੈ ਕਿ ਇੰਡੀਆ ਗਠਜੋੜ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗਾ ਜਾਂ ਵਿਰੋਧੀ ਧਿਰ ਵਿੱਚ ਰਹੇਗਾ।
ਤੁਹਾਨੂੰ ਦੱਸ ਦਈਏ ਕਿ ਮੰਗਲਵਾਰ 4 ਜੂਨ ਨੂੰ ਨਤੀਜ਼ੇ ਐਲਾਨਣ ਤੋਂ ਬਾਅਦ ਕਾਂਗਰਸ ਪ੍ਰਧਾਨ ਖੜਗੇ ਨੇ ਕਿਹਾ ਸੀ ਗਠਜੋੜ ਦੀ ਅਗਲੀ ਰਣਨੀਤੀ ਮੀਟਿੰਗ ਤੋਂ ਬਾਅਦ ਤੈਅ ਕੀਤੀ ਜਾਵੇਗੀ। ਜੇਕਰ ਪੂਰੀ ਰਣਨੀਤੀ ਹੁਣ ਦੱਸੀ ਗਈ ਤਾਂ ਮੋਦੀ ਜੀ ਸਾਵਧਾਨ ਹੋ ਜਾਣਗੇ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਵੀ ਦਾਅਵਾ ਕੀਤਾ ਸੀ ਕਿ ਵਿਰੋਧ ਵਿਚ ਬੈਠਣ ਜਾਂ ਸਰਕਾਰ ਬਣਾਉਣ ਦਾ ਫੈਸਲਾ ਮੀਟਿੰਗ ਵਿਚ ਹੀ ਹੋਵੇਗਾ।
ਦਰਅਸਲ ਲੋਕ ਸਭਾ ਚੋਣ ਨਤੀਜਿਆਂ ਵਿਚ ਇੰਡੀਆ ਗਠਜੋੜ ਨੂੰ ਕੁੱਲ 234 ਸੀਟਾਂ ਮਿਲੀਆਂ ਹਨ। ਹਾਲਾਂਕਿ ਸਰਕਾਰ ਬਣਾਉਣ ਲਈ ਘੱਟੋ-ਘੱਟ 272 ਸੀਟਾਂ ’ਤੇ ਬਹੁਮਤ ਦੀ ਲੋੜ ਹੈ। ਅਜਿਹੇ ’ਚ ਜੇਕਰ ਇੰਡੀਆ ਗਠਜੋੜ ਨੇ ਸਰਕਾਰ ਬਣਾਉਣ ਦਾਅਵਾ ਪੇਸ਼ ਕਰਨਾ ਹੈ ਤਾਂ ਉਸ ਨੂੰ ਸੀਟ ਸ਼ੇਅਰਿੰਗ ਤੋਂ ਬਾਹਰ ਵੀ ਸਹਿਯੋਗੀਆਂ ਦੀ ਲੋੜ ਹੋਵੇਗੀ।
ਇਸ ਦੌਰਾਨ ਇੰਡੀਆ ਗਠਜੋੜ ਦੀ ਬੈਠਕ ਵਿਚ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, NCP ਦੇ ਸ਼ਰਦ ਪਵਾਰ ਤੇ ਉਨ੍ਹਾਂ ਦੀ ਧੀ ਸੁਪ੍ਰੀਆ ਸੁਲੇ, ਸ਼ਿਵਸੈਨਾ ਦੇ ਸੰਜੇ ਰਾਊਤ, ਸਪਾ ਪ੍ਰਧਾਨ ਅਖਿਲੇਸ਼ ਯਾਦਵ, RJD ਨੇਤਾ ਤੇਜਸਵੀ ਯਾਦਵ, DMK ਨੇਤਾ ਐੱਮ ਕੇ ਸਟਾਲਿਨ, ‘ਆਪ’ ਤੋਂ ਰਾਘਵ ਚੱਢਾ ਤੇ CPI (M) ਦੇ ਸੀਤਾਰਾਮ ਯੇਚੁਰੀ ਸਣੇ ਕਈ ਨੇਤਾ ਮੌਜੂਦ ਹਨ।