Wednesday, April 2, 2025

Become a member

Get the best offers and updates relating to Liberty Case News.

― Advertisement ―

spot_img
spot_img
HomePunjabਆਈ.ਏ.ਐਸ. ਮਾਲਵਿੰਦਰ ਸਿੰਘ ਜੱਗੀ 33 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਹੋਏ ਸੇਵਾ...

ਆਈ.ਏ.ਐਸ. ਮਾਲਵਿੰਦਰ ਸਿੰਘ ਜੱਗੀ 33 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਹੋਏ ਸੇਵਾ ਮੁਕਤ

 

ਚੰਡੀਗੜ੍ਹ, 31 ਮਾਰਚ

ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਅਤੇ ਪੰਜਾਬ ਕਾਡਰ ਦੇ 2005 ਬੈਚ ਦੇ ਆਈ.ਏ.ਐਸ. ਅਧਿਕਾਰੀ ਮਾਲਵਿੰਦਰ ਸਿੰਘ ਜੱਗੀ ਸਿਵਲ ਪ੍ਰਸ਼ਾਸਨਿਕ ਅਧਿਕਾਰੀ ਵਜੋਂ 33 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ 31 ਮਾਰਚ ਨੂੰ ਸੇਵਾ ਮੁਕਤ ਹੋ ਰਹੇ ਹਨ। ਪਟਿਆਲਾ ਵਿਖੇ ਅਧਿਆਪਨ ਤੇ ਬੁੱਧੀਜੀਵੀ ਪਰਿਵਾਰ ਵਿੱਚ ਜਨਮੇ ਸ੍ਰੀ ਜੱਗੀ ਦੇ ਪਿਤਾ ਡਾ. ਰਤਨ ਸਿੰਘ ਜੱਗੀ ਉਘੇ ਸਿੱਖ ਵਿਦਵਾਨ ਹਨ। ਡਾ. ਜੱਗੀ ਨੂੰ ਪਿੱਛੇ ਜਿਹੇ ਭਾਰਤ ਸਰਕਾਰ ਵੱਲੋਂ ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਬਦਲੇ ਚੌਥੇ ਸਰਵਉੱਚ ਸਨਮਾਨ ਪਦਮਾ ਸ਼੍ਰੀ ਨਾਲ ਨਿਵਾਜਿਆ ਗਿਆ ਸੀ। ਘਰ ਦੇ ਉਸਾਰੂ ਤੇ ਸਾਹਿਤਕ ਮਾਹੌਲ ਨੇ ਮਾਲਵਿੰਦਰ ਸਿੰਘ ਜੱਗੀ ਨੂੰ ਬਚਪਨ ਤੋਂ ਹੀ ਚੰਗੇ ਗੁਣਾਂ ਅਤੇ ਪ੍ਰਤੀਬੱਧਤਾ ਦੀ ਗੁੜ੍ਹਤੀ ਦਿੱਤੀ। ਮੁੱਢਲੀ ਸਿੱਖਿਆ ਪਟਿਆਲਾ ਤੋਂ ਹੀ ਹਾਸਲ ਕਰਨ ਤੋਂ ਬਾਅਦ ਸ੍ਰੀ ਜੱਗੀ ਨੇ ਆਪਣੇ ਸਮੇਂ ਦੇ ਪ੍ਰਸਿੱਧ ਇੰਜਨੀਅਰਿੰਗ ਕਾਲਜ ਜੀ.ਐਨ.ਈ. ਲੁਧਿਆਣਾ ਤੋਂ ਇੰਜਨੀਅਰਿੰਗ ਦੀ ਪੇਸ਼ੇਵਰਨਾ ਸਿੱਖਿਆ ਹਾਸਲ ਕੀਤੀ।

1992 ਵਿੱਚ ਸੂਬੇ ਦੀ ਸਭ ਤੋਂ ਸਿਖਰਲੀ ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕਰਕੇ ਮਾਲਵਿੰਦਰ ਸਿੰਘ ਜੱਗੀ ਪੀ.ਸੀ.ਐਸ. ਅਧਿਕਾਰੀ ਬਣ ਗਏ। ਸਿਵਲ ਅਧਿਕਾਰੀ ਵਜੋਂ ਲਾਮਿਸਾਲ ਸੇਵਾਵਾਂ ਨਿਭਾਉਂਦਿਆਂ ਉਹ 2005 ਬੈਚ ਦੇ ਆਈ.ਏ.ਐਸ. ਅਧਿਕਾਰੀ ਵਜੋਂ ਪਦਉੱਨਤ ਹੋ ਗਏ। ਤਿੰਨ ਦਹਾਕਿਆਂ ਦੇ ਆਪਣੇ ਸ਼ਾਨਾਮੱਤੇ ਕਰੀਅਰ ਦੌਰਾਨ ਉਨ੍ਹਾਂ ਫੀਲਡ ਵਿੱਚ ਲੁਧਿਆਣਾ ਦੇ ਐਸ.ਡੀ.ਐਮ., ਫਤਹਿਗੜ੍ਹ ਸਾਹਿਬ, ਮਾਨਸਾ ਤੇ ਪਠਾਨਕੋਟ ਦੇ ਏ.ਡੀ.ਸੀ., ਨਗਰ ਨਿਗਮ ਲੁਧਿਆਣਾ ਤੇ ਅੰਮ੍ਰਿਤਸਰ ਦੇ ਕਮਿਸ਼ਨਰ ਅਤੇ ਫਰੀਦਕੋਟ ਜ਼ਿਲੇ ਦੇ ਡਿਪਟੀ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਈਆਂ। ਇਨ੍ਹਾਂ ਅਹੁਦਿਆਂ ਉਤੇ ਸੇਵਾ ਨਿਭਾਉਂਦਿਆਂ ਉਹ ਲੋਕਾਂ ਦੀ ਨਬਜ਼ ਪਛਾਣ ਕੇ ਆਪਣੀਆਂ ਕੁਸ਼ਲ ਸੇਵਾਵਾਂ ਨਿਭਾਉਣ ਸਦਕਾ ਲੋਕਾਂ ਦੇ ਹਰਮਨ ਪਿਆਰੇ ਅਧਿਕਾਰੀ ਵਜੋਂ ਮਕਬੂਲ ਹੋਏ। ਇਤਿਹਾਸਕ ਜ਼ਿਲੇ ਫਰੀਦਕੋਟ ਵਿਖੇ ਆਪਣੇ ਕਾਰਜਕਾਲ ਦੌਰਾਨ ਦੋ ਵਾਰ ਵਿਸ਼ਵ ਪ੍ਰਸਿੱਧ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੌਰਾਨ ਉਨ੍ਹਾਂ ਵੱਲੋਂ ਨਿਭਾਈ ਸੇਵਾ ਨੂੰ ਅੱਜ ਵੀ ਫਰੀਦਕੋਟ ਵਾਸੀ ਯਾਦ ਕਰਦੇ ਹਨ। ਉਨ੍ਹਾਂ ਹਮੇਸ਼ਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਉਤੇ ਹੱਲ ਕਰਨ ਅਤੇ ਸਰਕਾਰੀ ਦਫਤਰਾਂ ਵਿੱਚ ਲੋਕਾਂ ਦੀ ਖੱਜਲ ਖੁਆਰੀ ਖਤਮ ਕਰਨ ਨੂੰ ਤਰਜੀਹ ਦਿੱਤੀ।

ਫੀਲਡ ਪੋਸਟਿੰਗ ਤੋਂ ਇਲਾਵਾ ਮਾਲਵਿੰਦਰ ਸਿੰਘ ਜੱਗੀ ਨੇ ਵੱਖ-ਵੱਖ ਵਿਭਾਗਾਂ ਵਿੱਚ ਹੈਡਕੁਆਟਰ ਉਤੇ ਸੇਵਾਵਾਂ ਨਿਭਾਉਂਦਿਆਂ ਆਪਣੀ ਪ੍ਰਸ਼ਾਸਨਿਕ ਕਾਰਜ ਕੁਸ਼ਲਤਾ ਨਾਲ ਵੱਡੇ ਟੀਚੇ ਸਰ ਕੀਤੇ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਾਲ ਭਰ ਚੱਲੇ ਸ਼ਾਨਦਾਰ ਸਮਾਗਮਾਂ ਮੌਕੇ ਮਾਲਵਿੰਦਰ ਸਿੰਘ ਜੱਗੀ ਨੇ ਬਤੌਰ ਮੁੱਖ ਕਾਰਜਕਾਰੀ ਅਧਿਕਾਰੀ ਇਨ੍ਹਾਂ ਸਮਾਰੋਹ ਦੇ ਪ੍ਰਬੰਧਾਂ ਦੀ ਨਿਗਰਾਨੀ ਕੀਤੀ। ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਤੋਂ ਇਲਾਵਾ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਏ ਸਮਾਗਮਾਂ ਦੀ ਉਨ੍ਹਾਂ ਨਿੱਜੀ ਤੌਰ ਉਤੇ ਨਿਗਰਾਨੀ ਕਰਦਿਆਂ ਸਾਰੇ ਧਾਰਮਿਕ, ਇਤਿਹਾਸਕ ਸਮਾਗਮਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਅਹਿਮ ਭੂਮਿਕਾ ਨਿਭਾਈ।

ਮਾਲਵਿੰਦਰ ਸਿੰਘ ਜੱਗੀ ਨੇ ਡਾਇਰੈਕਟਰ ਵਜੋਂ ਵੱਖ-ਵੱਖ ਵਿਭਾਗਾਂ ਜਿਵੇਂ ਕਿ ਟਰਾਂਸਪੋਰਟ, ਸਮਾਜਿਕ ਸੁਰੱਖਿਆ ਤੇ ਨਿਆਂ, ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗਾਂ ਦੀ ਸੇਵਾ ਨਿਭਾਉਣ ਤੋਂ ਇਲਾਵਾ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਤੇ ਪੁੱਡਾ ਦੇ ਮੁੱਖ ਪ੍ਰਸ਼ਾਸਕ ਵਜੋਂ ਸੇਵਾਵਾਂ ਨਿਭਾਈਆਂ। ਸ੍ਰੀ ਜੱਗੀ ਨੇ ਸਕੱਤਰ ਵਜੋਂ ਸੂਚਨਾ ਤੇ ਲੋਕ ਸੰਪਰਕ, ਨਾਗਰਿਕ ਉਡਾਣ, ਲੋਕ ਨਿਰਮਾਣ ਵਿਭਾਗ, ਸੱਭਿਆਚਾਰ ਤੇ ਸੈਰ ਸਪਾਟਾ, ਪਸ਼ੂ ਪਾਲਣ ਤੇ ਕਿਰਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਦੀਆਂ ਸੇਵਾਵਾਂ ਨਿਭਾਉਂਦਿਆਂ ਆਪਣੀ ਡੂੰਘੀ ਛਾਪ ਛੱਡੀ। ਇਸ ਦੌਰਾਨ ਉਨ੍ਹਾਂ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਦੇ ਚੇਅਰਮੈਨ ਵਜੋਂ ਵੀ ਸੂਬੇ ਦੇ ਯੋਜਨਾਬੱਧ ਸ਼ਹਿਰੀ ਵਿਕਾਸ ਲਈ ਬਣਾਈ ਇਸ ਅਹਿਮ ਸੰਸਥਾ ਦੀ ਵਾਂਗਡੋਰ ਵੀ ਸਾਂਭੀ।

ਮਾਲਵਿੰਦਰ ਸਿੰਘ ਜੱਗੀ ਮੌਜੂਦਾ ਸਮੇਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਵਜੋਂ ਤਾਇਨਾਤ ਹਨ ਅਤੇ ਉਹ ਅੱਜ 31 ਮਾਰਚ ਨੂੰ 33 ਸਾਲ ਦੀਆਂ ਸ਼ਾਨਦਾਰ ਸਿਵਲ ਪ੍ਰਸ਼ਾਸਨਿਕ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋਏ ਹਨ।