ਅੰਮ੍ਰਿਤਸਰ : ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਇਕੱਤਰਤਾ ਸੁਖਦੇਵ ਸਿੰਘ ਪੰਨੂ ਦੀ ਅਗਵਾਈ ਹੇਠ ਕੰਪਨੀ ਬਾਗ ਵਿਖੇ ਹੋਈ। ਇਸ ਦੌਰਾਨ ਪੰਜਾਬ ਸਰਕਾਰ ਦੇ ਵੱਖ 2 ਵਿਭਾਗਾਂ ਵਿੱਚੋਂ ਸੇਵਾਮੁਕਤ ਹੋਏ ਪੈਨਸ਼ਨਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਮੀਟਿੰਗ ਦੀ ਸ਼ੁਰੂਆਤ ਚਰਨ ਸਿੰਘ ਸੰਧੂ ਜਨਰਲ ਸਕੱਤਰ ਵੱਲੋਂ ਕਰਦੇ ਹੋਏ ਨਰਿੰਦਰ ਸ਼ਰਮਾ ਕੈਸ਼ੀਅਰ ਵੱਲੋਂ ਪਿਛਲੇ ਮਹੀਨੇ ਦੌਰਾਨ ਹੋਈ ਆਮਦਨ ਅਤੇ ਖਰਚ ਦਾ ਵੇਰਵਾ ਪੇਸ਼ ਕੀਤਾ ਗਿਆ।
ਚੀਫ ਪੈਟਰਨ ਸੁਰਜੀਤ ਸਿੰਘ ਗੁਰਾਇਆ, ਸੁਖਦੇਵ ਸਿੰਘ ਪੰਨੂੰ ਪ੍ਰਧਾਨ, ਚਰਨ ਸਿੰਘ ਐਕਟਿੰਗ ਪ੍ਰਧਾਨ, ਸੁਖਜਿੰਦਰ ਸਿੰਘ ਰਿਆੜ ਸੀਨੀਅਰ ਮੀਤ ਪ੍ਰਧਾਨ, ਕੁਲਦੀਪ ਸਿੰਘ ਮੀਤ ਪ੍ਰਧਾਨ, ਚਰਨ ਸਿੰਘ ਸੰਧੂ ਜਨਰਲ ਸਕੱਤਰ, ਸਤਪਾਲ ਸਿੰਘ ਚੋਲੀਆ ਅਤੇ ਬਖਸ਼ੀ ਰਾਮ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਟਾਲ਼-ਮਟੋਲ ਵਾਲੀ ਨੀਤੀ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕਿਹਾ ਕਿ ਪੈਨਸ਼ਨਰਾਂ ਦੀਆਂ ਮੰਗਾਂ ਪਿਛਲੇ ਲੰਮੇ ਸਮੇਂ ਤੋਂ ਪੈਂਡਿੰਗ ਪਈਆਂ ਹਨ ਪਰ ਸਰਕਾਰ ਇਨ੍ਹਾਂ ਮੰਗਾਂ ਨੂੰ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ ਅਤੇ ਨਾ ਹੀ ਜਥੇਬੰਦੀਆਂ ਨੂੰ ਗੱਲਬਾਤ ਕਰਨ ਵਾਸਤੇ ਕੋਈ ਸਮਾਂ ਦੇ ਰਹੀ ਹੈ ਬਲਕਿ ਦਿੱਤੇ ਹੋਏ ਸਮੇਂ ਨੂੰ ਵੀ ਮੁਲਤਵੀ ਕਰਕੇ ਗੱਲਬਾਤ ਤੋਂ ਭੱਜ ਰਹੀ ਹੈ। ਉਹਨਾਂ ਆਖਿਆ ਕਿ ਸਰਕਾਰ ਦੀ ਇਸ ਟਾਲ-ਮਟੋਲ ਵਾਲੀ ਨੀਤੀ ਤੋਂ ਤੰਗ ਆ ਕੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਦਿੱਤੇ ਸੱਦੇ ਅਨੁਸਾਰ 5 ਤੋਂ 12 ਅਗਸਤ ਤੱਕ ਪੂਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਵਿਖੇ ਸਰਕਾਰ ਦੇ ਪੁਤਲੇ ਫੂਕੇ ਜਾਣਗੇ।