ਨਵੀਂ ਦਿੱਲੀ : ਦਿੱਲੀ ਵਿਖੇ ਸਤਲੁਜ-ਯਮੁਨਾ ਲਿੰਕ ਨਹਿਰ ਵਿਵਾਦ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਹੋ ਰਹੀ ਮੀਟਿੰਗ ਖ਼ਤਮ ਹੋ ਗਈ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਦਿੱਲੀ ਦੇ ਸ਼੍ਰਮ ਸ਼ਕਤੀ ਭਵਨ ਤੋਂ ਬਾਹਰ ਆ ਗਏ। ਦੱਸ ਦੇਈਏ ਕਿ ਪਾਣੀ ਨੂੰ ਲੈ ਕੇ ਅਗਲੀ ਮੀਟਿੰਗ 5 ਅਗਸਤ, 2025 ਨੂੰ ਹੋਵੇਗੀ।
ਪਾਣੀਆਂ ਦੇ ਮੁੱਦੇ ‘ਤੇ ਹੋਈ ਬੈਠਕ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬਹੁਤ ਚੰਗੇ ਮਾਹੌਲ ਵਿਚ ਮੀਟਿੰਗ ਹੋਈ ਹੈ। ਬਹੁਤ ਸਾਰੀਆਂ ਗੱਲ਼ਾਂ ‘ਤੇ ਵਿਚਾਰ ਚਰਚਾ ਕੀਤੀ ਗਈ। ਦੋਹਾਂ ਸੂਬਿਆਂ ਵਿੱਚ ਪਾਣੀ ਦਾ ਮਸਲਾ ਬਹੁਤ ਗੰਭੀਰ ਹੈ। ਇਸ ਮੀਟਿੰਗ ਦੌਰਾਨ ‘ਸਿੰਧੂ ਜਲ ਸਮਝੌਤਾ’ ਰੱਦ ਹੋਣ ਪਿੱਛੋਂ ਪੰਜਾਬ ਨੂੰ ਇਹ ਉਮੀਦ ਜਾਗੀ ਹੈ ਕਿ 23 ਐਮ.ਐਫ. ਪਾਣੀ ਹੋਰ ਮਿਲੇਗਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇ ਚਨਾਬ ਤੋਂ ਪਾਣੀ ਮਿਲੇਗਾ ਤਾਂ ਹੀ ਅਸੀਂ ਅੱਗੇ ਦੇਵਾਂਗੇ। ਅਸੀਂ ਇਸ ਸਬੰਧ ਵਿਚ ਜਲ ਸ਼ਕਤੀ ਮੰਤਰੀ ਕੋਲ BBMB ਦੀ ਸ਼ਿਕਾਇਤ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸਰਹੱਦੀ ਇਲਾਕੇ ਵਿਚ ਰਹਿੰਦੇ ਹਾਂ। ਅਸੀਂ ਪਾਕਿਸਤਾਨ ਨਾਲ ਲੜਾਈ ਕਰੀਏ ਜਾਂ ਹਰਿਆਣਾ ਨਾਲ। ਹਰ ਵਾਰ ਪਾਣੀ ਦੇ ਮੁੱਦੇ ਨੂੰ ਲੈ ਕੇ ਸਿਆਸਤ ਕੀਤੀ ਜਾਂਦੀ ਹੈ, ਜੋ ਅਸੀ ਨਹੀਂ ਚਾਹੁੰਦੇ। ਜੇਕਰ ਸਿਆਸਤ ਕਰਨੀ ਹੈ ਤਾਂ ਸਿੱਖਿਆ ‘ਤੇ ਕਰੋ ਜਾਂ ਕਿਸੇ ਹੋਰ ਮਸਲੇ ਨੂੰ ਲੈ ਕੇ ਕਰੋ। ਸਮਝ ਨਹੀਂ ਆ ਰਹੀ ਅਸੀਂ ਪਾਕਿ ਤੋਂ ਡਰੀਏ ਜਾਂ ਹਰਿਆਣਾ ਤੋਂ। ਸੀਐੱਮ ਮਾਨ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੋ ਭਰਾ ਹਨ, ਜਿਹਨਾਂ ਵਿਚ ਇਕ ਕੰਧ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਾਣੀ ਨੂੰ ਲੈ ਕੇ ਕੋਈ ਨਹਿਰ ਨਹੀਂ ਬਣੇਗੀ। ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ।