ਚੰਡੀਗੜ੍ਹ-: ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ’ਚ ਬਾਲ ਵਾਟਿਕਾ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦਾ ਦਾਖ਼ਲਾ ਆਧਾਰ ਕਾਰਡ ਨਾਲ ਹੋਵੇਗਾ। ਜਿਨ੍ਹਾਂ ਬੱਚਿਆਂ ਦਾ ਆਧਾਰ ਜਿਸ ਸੈਕਟਰ ਜਾਂ ਸਲੱਮ ਏਰੀਏ ਦਾ ਹੋਵੇਗਾ, ਉਸ ਨੂੰ ਉੱਥੇ ਦੇ ਹੀ ਨੇੜੇ ਦੇ ਸਕੂਲ ’ਚ ਦਾਖ਼ਲਾ ਮਿਲੇਗਾ। ਸਕੂਲ ’ਚ ਸੀਟ ਖ਼ਾਲੀ ਨਾ ਹੋਣ ’ਤੇ ਬੱਚੇ ਨੂੰ ਨੇੜਲੇ ਕਿਸੇ ਹੋਰ ਸਕੂਲ ’ਚ ਭੇਜਿਆ ਜਾਵੇਗਾ। ਸ਼ਹਿਰ ਦੇ ਸਕੂਲਾਂ ’ਚ ਵੱਧਦੀ ਵਿਦਿਆਰਥੀਆਂ ਦੀ ਗਿਣਤੀ ਨੂੰ ਦੇਖਦਿਆਂ ਚੰਡੀਗੜ੍ਹ ਸਿੱਖਿਆ ਵਿਭਾਗ ਇਸ ਵਾਰ ਸਿੱਖਿਆ ਦੇ ਅਧਿਕਾਰ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕਰਨ ਜਾ ਰਿਹਾ ਹੈ। ਐਕਟ ਦੇ ਨਿਯਮਾਂ ਅਨੁਸਾਰ ਬੱਚਿਆਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਦੇ ਸਕੂਲ ’ਚ ਦਾਖ਼ਲਾ ਦਿੱਤਾ ਜਾਵੇਗਾ। ਸਕੂਲ ਤੋਂ ਘਰ ਦੀ ਦੂਰੀ ਬੱਚੇ ਦੇ ਆਧਾਰ ਕਾਰਡ ’ਤੇ ਦੱਸੇ ਪਤੇ ਤੋਂ ਤੈਅ ਕੀਤੀ ਜਾਵੇਗੀ। ਚੰਡੀਗੜ੍ਹ ਦੇ 111 ਸਰਕਾਰੀ ਸਕੂਲਾਂ ’ਚ ਲਗਭਗ 1 ਲੱਖ 70 ਹਜ਼ਾਰ ਬੱਚੇ ਬਾਲ ਵਾਟਿਕਾ ਤੋਂ ਲੈ ਕੇ 12ਵੀਂ ਜਮਾਤ ਤੱਕ ਪੜ੍ਹ ਰਹੇ ਹਨ। ਇਹ ਬੱਚੇ ਸਥਾਨਕ ਹੋਣ ਦੇ ਨਾਲ ਹੀ ਦੂਜੇ ਰਾਜਾਂ ਦੇ ਜ਼ਿਆਦਾ ਹੁੰਦੇ ਹਨ। ਦੂਜੇ ਰਾਜਾਂ ਤੋਂ ਆਉਣ ਵਾਲੇ ਬੱਚੇ ਰੈਂਟ ਡੀਡ ਬਣਵਾ ਕੇ ਦਾਖ਼ਲਾ ਲੈਂਦੇ ਹਨ, ਜਿਸ ਕਾਰਨ ਸਕੂਲਾਂ ’ਚ ਬੱਚਿਆਂ ਦੇ ਬੈਠਣ ਦੀ ਸਮੱਸਿਆ ਆ ਰਹੀ ਹੈ। ਬੱਚਿਆਂ ਦੀ ਵਧਦੀ ਗਿਣਤੀ ਨਾਲ ਸਕੂਲਾਂ ਵਿਚ ਅਧਿਆਪਕ-ਵਿਦਿਆਰਥੀ ਅਨੁਪਾਤ ਨੂੰ ਕਾਇਮ ਰੱਖਣਾ ਮੁਸ਼ਕਲ ਹੋ ਜਾਂਦਾ ਹੈ।