ਮੋਹਾਲੀ : ਏ. ਡੀ. ਸੀ. (ਵਿਕਾਸ) ਸੋਨਮ ਚੌਧਰੀ ਨੇ ਬੁੱਧਵਾਰ ਨੂੰ ਸਕੂਲਾਂ, ਆਂਗਣਵਾੜੀ ਕੇਂਦਰਾਂ ਤੇ ਸਿਹਤ ਮਹਿਕਮੇ ਦੀ ਮਾਸਿਕ ਪ੍ਰਗਤੀ ਦੀ ਸਮੀਖਿਆ ਕਰਦਿਆਂ ਹਦਾਇਤ ਕੀਤੀ ਕਿ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ’ਚ ਪੀਣ ਵਾਲੇ ਪਾਣੀ ਦੀ ਸ਼ੁੱਧਤਾ ਨੂੰ ਯਕੀਨੀ ਬਣਾਇਆ ਜਾਵੇ। ਇਸ ’ਚ ਕਿਸੇ ਕਿਸਮ ਦੀ ਅਣਗਹਿਲੀ ਨਾ ਵਰਤੀ ਜਾਵੇ। ਉਨ੍ਹਾਂ ਦੋਵਾਂ ਅਦਾਰਿਆਂ ਦੇ ਜ਼ਿਲ੍ਹਾ ਮੁਖੀਆਂ ਨੂੰ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿਹਾ ਕਿ ਇਨ੍ਹਾਂ ਸਾਰੀਆਂ ਥਾਵਾਂ ਦੇ ਪਾਣੀ ਦੇ ਸੈਂਪਲ ਜਾਂਚ ਕਰਨੇ ਯਕੀਨੀ ਬਣਾਏ ਜਾਣ ਅਤੇ ਜਿੱਥੇ ਕਿੱਧਰੇ ਵੀ ਕੋਈ ਨੁਕਸ ਸਾਹਮਣੇ ਆਉਂਦਾ ਹੈ, ਉਸ ਨੂੰ ਤੁਰੰਤ ਪ੍ਰਭਾਵ ਨਾਲ ਦੂਰ ਕੀਤਾ ਜਾਵੇ। ਏ. ਡੀ. ਸੀ. ਨੇ ਕਿਹਾ ਕਿ ਸਕੂਲਾਂ ’ਚ ਦਿੱਤੇ ਜਾਂਦੇ ਦੁਪਹਿਰ ਦੇ ਖਾਣੇ ਤੇ ਆਂਗਣਵਾੜੀ ਸੈਂਟਰਾਂ ’ਚ ਦਿੱਤੀ ਜਾਂਦੀ ਸੰਤੁਲਿਤ ਖ਼ੁਰਾਕ ਦੀ ਗੁਣਵੱਤਾ ਨੂੰ ਵੀ ਯਕੀਨੀ ਬਣਾਇਆ ਜਾਵੇ।
ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਗਿੰਨੀ ਦੁੱਗਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਕੂਲਾਂ ’ਚ 89 ਹਜ਼ਾਰ 203 ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਦੀ ਸੁਵਿਧਾ ਦਿੱਤੀ ਜਾਂਦੀ ਹੈ, ਜਿਸ ’ਚ ਹਫ਼ਤੇ ’ਚ ਇਕ ਦਿਨ ਸ਼ਨੀਵਾਰ ਨੂੰ ਫ਼ਲ (ਕੇਲੇ) ਵੀ ਦਿੱਤੇ ਜਾਂਦੇ ਹਨ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਂਗਣਵਾੜੀ ਕੇਂਦਰਾਂ ’ਚ ਦਿੱਤੀ ਜਾਂਦੀ ਪੋਸ਼ਕ ਖੁਰਾਕ ਦੀ ਗੁਣਵੱਤਾ ਦੀ ਵਿਸ਼ੇਸ਼ ਤੌਰ ’ਤੇ ਜਾਂਚ ਕੀਤੀ ਹੈ।