ਜਲੰਧਰ – ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜਲੰਧਰ ਪਹੁੰਚੇ। ਪੀ. ਏ. ਪੀ. ਜਲੰਧਰ ਵਿੱਚ ਪਿੰਡ ਪੱਧਰੀ ਰੱਖਿਆ ਕਮੇਟੀ ਦੇ ਮੈਂਬਰਾਂ ਦੀ ਇਕ ਮਹੱਤਵਪੂਰਨ ਸਭਾ ਦਾ ਆਯੋਜਨ ਕੀਤਾ ਗਿਆ ਹੈ। ਜਿਸ ਵਿੱਚ ਮੁੱਖ ਮੰਤਰੀ ਦੇ ਆਉਣ ‘ਤੇ ‘ਆਪ’ ਆਗੂਆਂ ਅਤੇ ਵਰਕਰਾਂ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਸਾਰੇ ਵਿਧਾਇਕਾਂ ਨੇ ‘ਆਪ’ ਪ੍ਰਧਾਨ ਅਮਨ ਅਰੋੜਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਟੋਕਨ ਆਫ਼ ਲਵ’ ਦੇ ਕੇ ਉਨ੍ਹਾਂ ਦਾ ਸੁਆਗਤ ਕੀਤਾ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਇਕੱਠ ਨੂੰ ਸੰਬੋਧਨ ਵੀ ਕੀਤਾ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਾ ਮੁਕਤੀ ਦੀ ਸਹੁੰ ਵੀ ਚੁਕਵਾਈ ਗਈ। ਪੰਜਾਬ ਦੇ ਇਨਕਲਾਬੀ ਲੋਕਾਂ ਨੂੰ ਆਪਣੇ ਇਲਾਕੇ ‘ਚ ਨਸ਼ਾ ਨਾ ਵਿਕਣ ਦੇਣ ਅਤੇ ਨਸ਼ੇ ਤੋਂ ਪੀੜਤ ਲੋਕਾਂ ਦਾ ਇਲਾਜ ਕਰਵਾਉਣ ਦੀ ਸਹੁੰ ਚੁਕਾਈ ਗਈ।
ਇਸ ਦੌਰਾਨ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਸੀਂ ਪਿੰਡ ਵਿਚ ਕਿਸੇ ਨੂੰ ਵੀ ਨਸ਼ਾ ਵੇਚਣ ਨਹੀਂ ਦੇਣਾ, ਜਿਸ ਕਰਕੇ ਗੁਰਦੁਆਰਿਆਂ ਵਿਚ ਵੀ ਅਨਾਊਲਮੈਂਟਾਂ ਕੀਤੀਆਂ ਜਾ ਰਹੀਆਂ ਹਨ। ਨਸ਼ਿਆਂ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਵੱਡੇ ਕਦਮ ਚੁੱਕੇ ਜਾ ਰਹੇ ਹਨ। ਪਾਪ ਦੀ ਕਮਾਈ ਨਾਲ ਬਣਾਈ ਗਈ ਜਾਇਦਾਦਾਂ ‘ਤੇ ਬੁਲਡੋਜ਼ਰ ਚਲਾਏ ਜਾ ਰਹੇ ਹਨ। ਪੰਜਾਬ ਵਿਚ ਨਸ਼ਿਆਂ ਨੂੰ ਖ਼ਤਮ ਕਰਨ ਲੈ ਕੇ ਕਿਸੇ ਵੀ ਕਿਸਮ ਦੀ ਢਿੱਲ ਨਹੀਂ ਵਰਤੀ ਜਾਵੇਗੀ। ਪਾਪ ਦੀ ਕਮਾਈ ਦਾ ਬਣਾਏ ਗਏ ਮਹਿਲਾਂ ਨੂੰ ਜ਼ਰੂਰ ਢਾਹਿਆ ਜਾਵੇਗਾ। ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਲੋਕ ਵੱਡੇ-ਵੱਡੇ ਮਹਿਲ ਢਾਹਉਂਦੇ ਵੇਖਣਗੇ। ਪੰਜਾਬ ਦੇ ਡੀ. ਜੀ. ਪੀ. ਨੂੰ ਸਖ਼ਤ ਹੁਕਮ ਦਿੱਤੇ ਗਏ ਹਨ। ਉਨ੍ਹਾਂ ਨੂੰ ਇਥੋਂ ਤੱਕ ਕਹਿ ਦਿੱਤਾ ਗਿਆ ਹੈ ਕਿ ਨਸ਼ਾ ਸਮੱਗਲਰ ਦੇ ਘਰ ਦੇ ਬਾਹਰ ਇਕ ਜੇ. ਸੀ. ਬੀ. ਖੜ੍ਹੀ ਕੀਤੀ ਜਾਵੇ ਤਾਂਕਿ ਅਗਲੇ ਨੂੰ ਪਤਾ ਲੱਗ ਸਕੇਗਾ ਕਿ ਹੁਣ ਉਨ੍ਹਾਂ ‘ਤੇ ਐਕਸ਼ਨ ਹੋਣ ਵਾਲਾ ਹੈ।
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਪਿੰਡਾਂ ਵਿਚੋਂ ਨਸ਼ਾ ਮੁਕਤ ਹੋਣ ਦੀਆਂ ਰਿਪੋਰਟਾਂ ਆ ਰਹੀਆਂ ਹਨ। ਵੱਡਾ ਐਲਾਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਜਿਹੜਾ ਪਿੰਡ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰੇਗਾ, ਉਸ ਪਿੰਡ ਨੂੰ ਸਪੈਸ਼ਲ ਗਰਾਂਟ ਦੇ ਨਾਲ-ਨਾਲ ਇਨਾਮ ਵੀ ਦਿੱਤਾ ਜਾਵੇਗਾ। ਭਾਵੇਂ ਕੋਈ ਲੀਡਰ ਹੋਵੇ, ਭਾਵੇਂ ਲੀਡਰ ਦਾ ਭਤੀਜਾ ਜਾਂ ਸਾਲਾ ਹੋਵੇ, ਨਸ਼ੇ ਦੇ ਮਾਮਲੇ ਵਿਚ ਕਿਸੇ ਨੂੰ ਨਹੀਂ ਬਖ਼ਸ਼ਿਆ ਜਾਵੇਗਾ। ਅੱਜ ਸਾਨੂੰ ਪਾਣੀ ਦੇ ਹੱਕ ਲਈ ਲੜਨ ਦੀ ਲੋੜ ਹੈ ਅਤੇ ਨਸ਼ਿਆਂ ਦੇ ਵਿਰੁੱਧ ਖੜ੍ਹਨ ਦੀ ਜ਼ਰੂਰਤ ਹੈ। ਅਸੀਂ ਪਾਣੀ ਦੇ ਹੱਕ ਲਈ ਵੀ ਲੜ ਰਹੇ ਹਾਂ ਅਤੇ ਨਸ਼ਿਆਂ ਦੇ ਵਿਰੁੱਧ ਵੀ ਲੜ ਰਹੇ ਹਾਂ। ਤੁਹਾਡੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਉੱਠੀ ਲੋਕ ਲਹਿਰ ਜ਼ਰੀਏ ਜਲਦ ਪੰਜਾਬ ਦੀ ਧਰਤੀ ਤੋਂ ਨਸ਼ੇ ਦੀਆਂ ਜੜ੍ਹਾਂ ਪੁੱਟਾਂਗੇ।